ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਫਰੀ ਫਾਈਬਰੋ ਸਕੈਨ ਕੈਂਪ ਲਗਾਇਆ

*ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਫਰੀ ਫਾਈਬਰੋ ਸਕੈਨ ਕੈਂਪ ਲਗਾਇਆ*
ਬੰਗਾ  31 ਜਨਵਰੀ () ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ‍ ਵਿਖੇ ਅੱਜ ਲਿਵਰ (ਜਿਗਰ) ਦੀ ਜਾਂਚ ਦੇ ਮਹਿੰਗੇ ਟੈਸਟ ਫਾਈਬਰੋ ਸਕੈਨ ਕਰਨ ਦਾ ਫਰੀ ਕੈਂਪ ਲਗਾਇਆ ਗਿਆ, ਜਿਸ ਦਾ 200 ਤੋਂ ਵੱਧ ਮਰੀਜ਼ਾਂ ਨੇ ਲਾਭ ਪ੍ਰਾਪਤ ਕੀਤਾ । ਇਸ ਕੈਂਪ ਦਾ ਉਦਘਾਟਨ ਸ. ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਨੇ ਆਪਣੇ ਕਰ ਕਮਲਾਂ ਨਾਲ ਕੀਤਾ । ਇਸ ਮੌਕੇ ਉਹਨਾਂ ਨੇ ਦੱਸਿਆ ਲੋੜਵੰਦਾਂ ਦੀ ਮਦਦ ਕਰਨ ਲਈ ਅੱਜ ਹਸਪਤਾਲ ਢਾਹਾਂ ਕਲੇਰਾਂ ਦੇ ਮੈਡੀਕਲ ਮਾਹਿਰ ਡਾ. ਵਿਵੇਕ ਗੁੰਬਰ ਦੀ ਅਗਵਾਈ ਹੇਠ ਸਰੀਰ ਦੇ ਮਹੱਤਵਪੂਰਨ ਅੰਗ ਲਿਵਰ ਦੀ ਜਾਂਚ ਕਰਨ ਵਾਲਾ ਮਹਿੰਗਾ ਟੈਸਟ ਫਾਈਬਰੋ ਸਕੈਨ ਫਰੀ ਕਰਨ ਦਾ ਵਿਸ਼ੇਸ਼ ਕੈਂਪ ਲਗਾਇਆ ਗਿਆ । ਸ. ਢਾਹਾਂ ਨੇ ਲੋੜਵੰਦ ਮਰੀਜ਼ਾਂ ਨੂੰ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਮਿਲਦੀਆਂ ਰਿਆਇਤੀ ਮੈਡੀਕਲ ਸੇਵਾਵਾਂ ਦਾ ਵੱਧ ਤੋਂ ਵੱਧ ਲਾਭ ਪ੍ਰਾਪਤ ਕਰਨ ਦੀ ਅਪੀਲ ਕੀਤੀ । ਹਸਪਤਾਲ ਦੇ ਮੈਡੀਕਲ ਮਾਹਿਰ ਡਾ. ਵਿਵੇਕ ਗੁੰਬਰ ਨੇ ਦੱਸਿਆ ਕਿ  ਫੈਟੀ ਲਿਵਰ, ਕਾਲਾ ਪੀਲੀਆ, ਸ਼ੂਗਰ, ਹਾਈ ਬਲੱਡ ਪ੍ਰੈਸ਼ਰ,  ਮੋਟਾਪਾ, ਉੱਚ ਕੈਲਸਟਰੋਲ, ਸਿਗਰਟ ਪੀਣ ਅਤੇ ਸ਼ਰਾਬ ਪੀਣ ਦੀ ਆਦਤ ਵਾਲੇ ਮਰੀਜ਼ਾਂ ਨੂੰ  ਫਾਈਬਰੋ ਸਕੈਨ ਕਰਵਾ ਕੇ ਵੱਡਾ ਲਾਭ ਮਿਲੇਗਾ।  ਇਸ ਮੌਕੇ ਫਰੀ ਸਕੈਨ ਕਰਵਾਉਣ ਵਾਲੇ ਮਰੀਜ਼ਾਂ ਨੇ ਹਸਪਤਾਲ ਪ੍ਰਬੰਧਕਾਂ ਦਾ ਲਿਵਰ ਦੀ ਬਿਮਾਰੀ ਤੋਂ ਪੀੜਤ ਮਰੀਜ਼ਾਂ ਲਈ ਵੱਡੇ ਸ਼ਹਿਰਾਂ 'ਚ ਹੋਣ ਵਾਲਾ ਮਹਿੰਗਾ ਸਕੈਨ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਮੁਫਤ ਕੈਂਪ ਲਗਾ ਕੇ ਕਰਵਾਉਣ ਲਈ ਧੰਨਵਾਦ ਵੀ ਕੀਤਾ,  ਇਸ  ਟੈਸਟ ਕਰਵਾਉਣ ਤੋਂ ਬਾਅਦ ਮਰੀਜ਼ ਹੁਣ ਆਪਣੀ ਬਿਮਾਰੀ ਦਾ ਸਮਾਂ ਰਹਿੰਦੇ  ਇਲਾਜ ਕਰਵਾ ਕੇ ਤੰਦੁਰਸਤ ਹੋ ਸਕਣਗੇ । ਅੱਜ 200 ਤੋਂ ਵੱਧ ਮਰੀਜ਼ਾਂ ਨੇ ਫਰੀ ਫਾਈਬਰੋ ਸਕੈਨ ਕਰਵਾਇਆ ਅਤੇ ਹਸਪਤਾਲ ਦੇ ਮਾਹਿਰ ਡਾਕਟਰ ਸਾਹਿਬਾਨ ਤੋਂ ਆਪਣੇ ਇਲਾਜ ਲਈ ਸਲਾਹ ਮਸ਼ਵਰਾ ਕੀਤਾ ਗਿਆ । ਇਸ ਮੌਕੇ ਡਾ. ਸ਼ਵੇਤਾ ਗਬੜਿਆ, ਮਹਿੰਦਰਪਾਲ ਸਿੰਘ ਦਫਤਰ ਸੁਪਰਡੈਂਟ, ਭਾਈ ਜੋਗਾ ਸਿੰਘ, ਰਾਜਦੀਪ ਥਿਦਵਾਰ ਵਾਈਸ ਪ੍ਰਿੰਸੀਪਲ ਗੁਰੂ ਨਾਨਕ ਪੈਰਾ ਮੈਡੀਕਲ ਕਾਲਜ, ਦਵਿੰਦਰ ਕੌਰ ਨਰਸਿੰਗ ਸੁਪਰਡੈਂਟ, ਸੋਨੀਆ ਸਿੰਘ, ਬਲਜੀਤ ਕੌਰ, ਗੁਰਪ੍ਰੀਤ ਕੌਰ, ਬਲਬੀਰ ਕੌਰ, ਸੁਨੀਤਾ ਰਾਣੀ, ਪਰਮਿੰਦਰ ਕੌਰ,.ਕਿਰਨਜੀਤ  ਕੌਰ (ਸਾਰੇ ਵਾਰਡ ਇੰਚਾਰਜ), ਜੋਤੀ ਭਾਟੀਆ ਫਰੰਟ ਡੈਕਸ ਮੈਨੇਜਰ, ਅਮਨ ਗਿੱਲ ਮੈਡੀਕੋ ਮਾਰਕੀਟ ਮਨੈਜਰ ਜੀਡਸ , ਟੈਕਨੀਸ਼ੀਅਨ ਗੁਰਜਿੰਦਰ ਸਿੰਘ ਤੋਂ ਇਲਾਵਾ ਗੁਰੂ ਨਾਨਕ ਮਿਸ਼ਨ ਹਸਪਤਾਲ, ਗੁਰੂ ਨਾਨਕ ਕਾਲਜ ਆਫ ਨਰਸਿੰਗ, ਗੁਰੂ ਨਾਨਕ ਪੈਰਾ ਮੈਡੀਕਲ ਕਾਲਜ ਦਾ ਸਟਾਫ ਅਤੇ ਵਿਦਿਆਰਥੀ ਹਾਜ਼ਰ ਸਨ ।
ਫੋਟੋ ਕੈਪਸ਼ਨ : ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਫਰੀ ਫਾਈਬਰੋ ਸਕੈਨ ਕੈਂਪ ਦਾ ਉਦਘਾਟਨ ਕਰਦੇ ਹੋਏ ਸ. ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ , ਨਾਲ ਹਨ ਡਾ. ਵਿਵੇਕ ਗੁੰਬਰ ਅਤੇ ਹਸਪਤਾਲ ਸਟਾਫ

ਮਹਾਤਮਾ ਗਾਂਧੀ ਜੀ ਦੇ ਸ਼ਹੀਦੀ ਦਿਵਸ ’ਤੇ ਰੱਖਿਆ ਗਿਆ ਦੋ ਮਿੰਟ ਦਾ ਮੌਨ

ਹੁਸ਼ਿਆਰਪੁਰ, 30 ਜਨਵਰੀ: ਜ਼ਿਲ੍ਹਾ ਤੇ ਸੈਸ਼ਨ ਜੱਜ-ਕਮ-ਚੇਅਰਮੈਨ ਜ਼ਿਲ੍ਹਾਂ ਕਾਨੂੰਨੀ ਸੇਵਾਵਾਂ ਅਥਾਰਟੀ ਦਿਲਬਾਗ ਸਿੰਘ ਜੌਹਲ ਜੀਆਂ ਦੇ ਦਿਸ਼ਾ-ਨਿਰਦੇਸ਼ਾ 'ਤੇ ਚੀਫ ਜੁਡੀਸ਼ੀਅਲ ਮੈਜਿਸਟਰੇਟ-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਰਾਜ ਪਾਲ ਰਾਵਲ ਵੱਲੋਂ ਸਮੂਹ ਸਟਾਫ ਮੈਂਬਰਾਂ ਨਾਲ ਮਹਾਤਮਾ ਗਾਂਧੀ ਜੀ ਦੇ ਸ਼ਹੀਦੀ ਦਿਵਸ 'ਤੇ ਦੋ ਮਿੰਟ ਦਾ ਮੌਨ ਰੱਖਿਆ ਗਿਆ।
ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੇ ਦੱਸਿਆ ਕਿ ਮਹਾਤਮਾ ਗਾਂਧੀ ਜੀ ਦੇ ਅਨਮੋਲ ਵਿਚਾਰ ਜੀਵਨ ਜਿਊਣ ਦਾ ਸਹੀ ਤਰੀਕਾ ਸਿਖਾਉਂਦੇ ਹਨ। ਮੋਹਨਦਾਸ ਕਰਮਚੰਦ ਗਾਂਧੀ ਜੀ ਬਾਪੂ ਦੇ ਨਾਮ ਨਾਲ ਵੀ ਜਾਣੇ ਜਾਂਦੇ ਹਨ, ਅੱਜ ਉਨ੍ਹਾਂ ਦੀ 75ਵੀਂ ਬਰਸੀ ਦੇਸ਼ ਭਰ ਵਿੱਚ ਮਨਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮਹਾਤਮਾ ਗਾਂਧੀ ਜੀ ਉਨ੍ਹਾਂ ਆਜ਼ਾਦੀ ਘੁਲਾਟੀਆਂ ਵਿੱਚੋਂ ਇੱਕ ਸਨ, ਜਿਨ੍ਹਾਂ ਨੇ ਭਾਰਤ ਦੀ ਆਜ਼ਾਦੀ ਦੀ ਲੜਾਈ ਵਿੱਚ ਅਹਿਮ ਭੂਮਿਕਾ ਨਿਭਾਈ ਸੀ। ਦੇਸ਼ ਵਿੱਚ ਹੋ ਰਹੇ ਅੱਤਿਆਚਾਰਾਂ ਨੂੰ ਵੇਖਦਿਆਂ, ਉਹ ਬ੍ਰਿਟਿਸ਼ ਸ਼ਾਸਨ ਦੇ ਵਿਰੁੱਧ ਆਜ਼ਾਦੀ ਦੀ ਲੜਾਈ ਦਾ ਹਿੱਸਾ ਬਣ ਗਏ। ਉਨ੍ਹਾਂ ਨੇ ਸੱਚ ਅਤੇ ਅਹਿੰਸਾ ਨੂੰ ਭਾਰਤ ਵਿੱਚ ਹੀ ਨਹੀਂ ਸਗੋਂ ਪੂਰੀ ਦੁਨੀਆ ਵਿੱਚ ਪੇਸ਼ ਕੀਤਾ। ਰਾਸ਼ਟਰਪਿਤਾ ਮਹਾਤਮਾ ਗਾਂਧੀ ਜੀ ਦੀ ਬਰਸੀ 'ਤੇ ਅੱਜ ਵੀ ਉਨਾਂ ਦੇ ਆਦਰਸ਼ਾਂ ਨੂੰ ਪੂਰੀ ਦੁਨੀਆ ਵਿਚ ਆਪਣਾਇਆ ਜਾਂਦਾ ਹੈ। ਇਸ ਲਈ ਸਾਨੂੰ ਸਾਰਿਆਂ ਨੂੰ ਇਹ ਚਾਹੀਦਾ ਹੈ ਕਿ ਜਿੰਦਗੀ ਵਿੱਚ ਕਾਮਯਾਬ ਹੋਣ ਲਈ ਆਪਣੇ ਸਹੀ ਅਤੇ ਸੱਚੇ ਵਿਚਾਰਾਂ ਨੂੰ ਆਪਣਾਂਉਦੇ ਹੋਏ ਸਫਲਤਾ ਹਾਸਲ ਕਰਨੀ ਚਾਹੀਦੀ ਹੈ।

ਇਸ ਤੋਂ ਇਲਾਵਾ ਅੱਜ ਹੁਸ਼ਿਆਰਪੁਰ ਦੇ ਸਲੰਮ ਏਰਿਆ ਮੁਹੱਲਾ ਸੁੰਦਰ ਨਗਰ, ਨਜਦੀਕ ਵਰਧਮਾਨ ਮਿੱਲ ਨੇੜੇ ਝੁੱਗੀ ਝੋਪੜੀ ਵਾਲੇ ਖੇਤਰ ਵਿੱਚ ਕਾਨੂੰਨੀ ਸੇਵਾਵਾਂ ਕੈੰਪ ਲਗਾਇਆ ਗਿਆ ਅਤੇ ਉੱਥੇ ਰਹਿ ਰਹੇ ਬੱਚਿਆਂ ਦੇ ਕਾਨੂੰਨੀ ਹੱਕਾਂ ਬਾਰੇ ਉਹਨਾਂ ਦੇ ਪਰਿਵਾਰਾਂ ਨੂੰ ਜਾਗਰੂਕ ਕੀਤਾ ਗਿਆ। ਪੈਨਲ ਐਡਵੋਕੇਟ ਸ਼ਵੇਤਾ ਸ਼ਰਮਾ ਵਲੋਂ ਦੱਸਿਆ ਗਿਆ ਕਿ ਭਾਰਤ ਦੇ ਸੰਵਿਧਾਨ ਵਿੱਚ 86ਵੀਂ ਸੋਧ ਇਹ ਵਿਵਸਥਾ ਕਰਦੀ ਹੈ ਕਿ 6 ਤੋਂ 14 ਸਾਲ ਦੇ ਉਮਰ ਦੇ ਹਰ ਬੱਚੇ ਅਤੇ 6 ਸਾਲ ਦੀ ਉਮਰ ਤੱਕ ਦੇ ਅਰਲੀ ਚਾਇਲਡ ਹੁਡ ਕੇਅਰ ਮੁਫਤ ਸਿੱਖਿਆ ਦੇ ਹੱਕਦਾਰ ਹਨ ਬਾਰੇ ਵਿਸਥਾਰ ਪੁਰਵਕ ਜਾਣੂ ਕਰਵਾਇਆ ਗਿਆ। ਕਾਨੂੰਨੀ ਸੇਵਾਵਾਂ ਪ੍ਰੋਗਰਾਮ ਦੇ ਅੰਤ ਵਿੱਚ ਅਨੀਤਾ ਕੁਮਾਰੀ ਪੀ.ਐਲ.ਵੀ. ਵਲੋਂ ਮੁਫਤ ਕਾਨੂੰਨੀ ਸੇਵਾਵਾਂ ਸਬੰਧੀ ਪ੍ਰਚਾਰ ਸਮੱਗਰੀ ਵੀ ਵੰਡੀ ਗਈ।

ਮਹਾਤਮਾ ਗਾਂਧੀ ਦੇ ਬਲੀਦਾਨ ਦਿਵਸ ਮੌਕੇ ਸ਼ਰਧਾਂਜਲੀ ਸਮਾਰੋਹ

-ਦੋ ਮਿੰਟ ਦਾ ਮੌਨ ਧਾਰ ਕੇ ਦੇਸ਼ ਦੇ ਸੁਤੰਤਰਤਾ ਸੰਗਰਾਮ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਅਰਪਿਤ
-ਸ਼ਹੀਦਾਂ ਦੇ ਦਿੱਤੇ ਸੰਕਲਪ ਨੂੰ ਪੂਰਾ ਕਰਨ ਲਈ ਹਰ ਨਾਗਰਿਕ ਆਪਣਾ ਯੋਗਦਾਨ ਪਾਵੇ : ਡਾ. ‌ਪ੍ਰੀਤੀ ਯਾਦਵ
ਪਟਿਆਲਾ, 30 ਜਨਵਰੀ: ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੇ ਬਲੀਦਾਨ ਦਿਵਸ ਮੌਕੇ ਦੇਸ਼ ਦੀ ਆਜ਼ਾਦੀ ਦੇ ਸੰਗਰਾਮ ਵਿੱਚ ਆਪਣਾ ਬਲੀਦਾਨ ਦੇਣ ਵਾਲੇ ਸ਼ਹੀਦਾਂ ਨੂੰ ਸ਼ਰਧਾਂਜਲੀ ਅਰਪਿਤ ਕਰਨ ਲਈ ਅੱਜ ਇਥੇ ਮਾਲ ਰੋਡ 'ਤੇ ਰਜਿੰਦਰਾ ਲੇਕ ਵਿਖੇ ਸਥਿਤ ਮਹਾਤਮਾ ਗਾਂਧੀ ਦੇ ਸਮਾਰਕ 'ਤੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਦੀ ਅਗਵਾਈ ਹੇਠ ਸ਼ਰਧਾਂਜਲੀ ਸਮਾਰੋਹ ਹੋਇਆ।
ਇਸ ਮੌਕੇ ਪੁਲਿਸ ਦੀ ਹਥਿਆਰਬੰਦ ਟੁਕੜੀ ਨੇ ਹਥਿਆਰ ਉਲਟੇ ਕਰਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਅਤੇ ਦੋ ਮਿੰਟ ਦਾ ਮੌਨ ਰੱਖਿਆ ਗਿਆ। ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਮਹਾਤਮਾ ਗਾਂਧੀ ਦੇ ਸਮਾਰਕ 'ਤੇ ਫੁੱਲ ਮਾਲਾਵਾਂ ਚੜ੍ਹਾ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਸਮਾਰੋਹ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਇਸ਼ਾ ਸਿੰਗਲ, ਐਸ.ਡੀ.ਐਮ ਪਟਿਆਲਾ ਗੁਰਦੇਵ ਸਿੰਘ ਧਮ, ਮੁੱਖ ਮੰਤਰੀ ਫ਼ੀਲਡ ਅਫ਼ਸਰ ਡਾ. ਨਵਜੋਤ ਸ਼ਰਮਾ ਸਮੇਤ ਹੋਰ ਪਤਵੰਤੇ ਵੀ ਮੌਜੂਦ ਸਨ।
ਸਮਾਗਮ ਮੌਕੇ ਡਾ. ਪ੍ਰੀਤੀ ਯਾਦਵ ਨੇ ਮਹਾਤਮਾ ਗਾਂਧੀ ਸਮੇਤ ਹੋਰਨਾਂ ਸੁਤੰਤਰਤਾ ਸੰਗਰਾਮੀਆਂ ਨੂੰ ਸ਼ਰਧਾਂਜਲੀ ਅਰਪਿਤ ਕਰਦਿਆਂ ਕਿਹਾ ਕਿ ਅੱਜ ਦਾ ਇਹ ਦਿਨ ਬਹੁਤ ਅਹਿਮ ਹੈ, ਕਿਉਂਕਿ ਇਸ ਦਿਨ ਸਮੁੱਚਾ ਦੇਸ਼ ਆਜ਼ਾਦੀ ਸੰਗਰਾਮ 'ਚ ਆਪਣੀ ਜਾਨ ਦੀ ਆਹੂਤੀ ਪਾਉਣ ਵਾਲਿਆਂ ਨੂੰ ਸਿਜਦਾ ਕਰਦਾ ਹੈ।
ਇਸ ਮੌਕੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਕਿਹਾ ਕਿ ਆਜ਼ਾਦੀ ਸੰਗਰਾਮ ਵਿੱਚ ਆਪਣਾ ਬਲੀਦਾਨ ਦੇਣ ਵਾਲੇ ਸ਼ਹੀਦਾਂ ਸਦਕਾ ਹੀ ਅਸੀਂ ਅੱਜ ਆਜ਼ਾਦੀ ਦਾ‌ ਨਿੱਘ ਮਾਣ ਰਹੇ ਹਾਂ। ਉਨ੍ਹਾਂ ਕਿਹਾ ਕਿ ਮਹਾਤਮਾ ਗਾਂਧੀ ਨੇ ਅਹਿੰਸਾ ਦਾ ਮਾਰਗ ਅਪਣਾਉਂਦਿਆਂ ਆਜ਼ਾਦੀ ਲਈ ਆਪਣੀ ਆਵਾਜ਼ ਬੁਲੰਦ ਕੀਤੀ ਅਤੇ ਸਾਨੂੰ ਉਨ੍ਹਾਂ ਵੱਲੋਂ ਅਹਿੰਸਾ, ਸਵੱਛਤਾ, ਸ਼ਾਂਤੀ ਅਤੇ ਆਪਸੀ ਭਾਈਚਾਰਕ ਸਾਂਝ ਦੇ ਦਿੱਤੇ ਸੰਕਲਪ ਨੂੰ ਪੂਰਾ ਕਰਨ ਲਈ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ।

ਨਾਵਲਕਾਰ ਨਾਨਕ ਸਿੰਘ ਦੀਆਂ ਨਿੱਜੀ ਵਸਤੂਆਂ ਪਰਿਵਾਰ ਵੱਲੋਂ ਭਾਸ਼ਾ ਵਿਭਾਗ ਪੰਜਾਬ ਨੂੰ ਭੇਟ

ਭਾਸ਼ਾ ਵਿਭਾਗ ਪੰਜਾਬ ਨੇ ਲਾਇਬਰੇਰੀ 'ਚ ਸਥਾਪਤ ਕੀਤਾ ਵਿਸ਼ੇਸ਼ ਸ਼ੈਕਸ਼ਨ
ਪਟਿਆਲਾ 30 ਜਨਵਰੀ:ਨਾਮਵਰ ਲੇਖਕ ਨਾਨਕ ਸਿੰਘ (ਸਵ.) ਦੇ ਪਰਿਵਾਰ ਵੱਲੋਂ ਉਨ੍ਹਾਂ ਦੀਆਂ ਕੁਝ ਨਿੱਜੀ ਵਸਤੂਆਂ ਭਾਸ਼ਾ ਵਿਭਾਗ ਪੰਜਾਬ ਨੂੰ ਭੇਟ ਕੀਤੀਆਂ ਗਈਆਂ ਹਨ। ਵਿਭਾਗ ਦੇ ਡਾਇਰੈਕਟਰ ਸ. ਜਸਵੰਤ ਸਿੰਘ ਜ਼ਫ਼ਰ ਦੀ ਅਗਵਾਈ 'ਚ ਭਾਸ਼ਾ ਭਵਨ ਪਟਿਆਲਾ ਵਿਖੇ ਲਾਇਬਰੇਰੀ 'ਚ ਸ. ਨਾਨਕ ਸਿੰਘ ਦੀਆਂ ਨਿੱਜੀ ਵਸਤੂਆਂ ਲਈ ਇੱਕ ਵੱਖਰਾ ਸੈਕਸ਼ਨ ਸਥਾਪਤ ਕੀਤਾ ਗਿਆ ਹੈ। ਇਸ ਨਵੇਂ ਸੈਕਸ਼ਨ ਦੀ ਬੀਤੇ ਕੱਲ੍ਹ ਸ. ਨਾਨਕ ਸਿੰਘ ਦੇ ਪੋਤਰੇ ਸ. ਕਰਮਵੀਰ ਸਿੰਘ ਸੂਰੀ ਦੀ ਹਾਜ਼ਰੀ ਵਿੱਚ ਘੁੰਡ ਚੁਕਾਈ ਕੀਤੀ ਗਈ। ਇਸ ਮੌਕੇ ਸੰਯੁਕਤ ਨਿਰਦੇਸ਼ਕਾ ਸ੍ਰੀਮਤੀ ਹਰਪ੍ਰੀਤ ਕੌਰ, ਡਿਪਟੀ ਡਾਇਰੈਕਟਰ ਹਰਭਜਨ ਕੌਰ, ਸਹਾਇਕ ਡਾਇਰੈਕਟਰ ਅਮਰਿੰਦਰ ਸਿੰਘ, ਆਲੋਕ ਚਾਵਲਾ ਤੇ ਸੁਰਿੰਦਰ ਕੌਰ, ਸੁਪਰਡੈਂਟ ਭੁਪਿੰਦਰਪਾਲ ਸਿੰਘ ਤੇ ਸਵਰਨਜੀਤ ਕੌਰ, ਖੋਜ ਸਹਾਇਕ ਹਰਪ੍ਰੀਤ ਸਿੰਘ, ਗੁਰਜੀਤ ਸਿੰਘ, ਮਨਜਿੰਦਰ ਸਿੰਘ, ਸ੍ਰੀਮਤੀ ਨੇਹਾ ਅਤੇ ਜਗਮੇਲ ਸਿੰਘ ਹਾਜ਼ਰ ਸਨ।
  ਵਿਭਾਗ ਦੇ ਡਾਇਰੈਕਟਰ ਸ. ਜਸਵੰਤ ਸਿੰਘ ਜ਼ਫ਼ਰ ਨੇ ਕਿਹਾ ਹੈ ਕਿ ਵਿਭਾਗ ਵੱਲੋਂ ਨਾਮਵਰ ਲੇਖਕਾਂ ਦੀਆਂ ਯਾਦਗਾਰੀ ਤੇ ਨਿੱਜੀ ਵਸਤੂਆਂ ਦੀ ਸਾਂਭ-ਸੰਭਲ ਲਈ ਕੀਤੀ ਗਈ ਇਹ ਨਵੀਂ ਪਹਿਲਕਦਮੀ ਕੀਤੀ ਗਈ ਹੈ। ਇਸ ਕਾਰਜ ਦੀ ਆਰੰਭਤਾ ਮਹਾਨ ਨਾਵਲਕਾਰ ਨਾਨਕ ਸਿੰਘ ਦੇ ਪਰਿਵਾਰ ਦੇ ਸਹਿਯੋਗ ਨਾਲ ਕੀਤੀ ਗਈ ਹੈ। ਇਸ ਤਰ੍ਹਾਂ ਦੇ ਹੋਰ ਉਪਰਾਲੇ ਵੀ ਲੇਖਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੇ ਸਹਿਯੋਗ ਨਾਲ ਕੀਤੇ ਜਾਣਗੇ ਅਤੇ ਵਿਭਾਗ ਲੇਖਕਾਂ ਨਾਲ ਸਬੰਧਤ ਵਸਤਾਂ ਦਾ ਹੌਲੀ ਹੌਲੀ ਇੱਕ ਤਰ੍ਹਾਂ ਦਾ ਅਜਾਇਬ ਘਰ ਸਥਾਪਤ ਹੋ ਜਾਵੇਗਾ। ਸ. ਕਰਮਵੀਰ ਸਿੰਘ ਸੂਰੀ ਨੇ ਕਿਹਾ ਕਿ ਭਾਸ਼ਾ ਵਿਭਾਗ ਵੱਲੋਂ ਕੀਤੇ ਗਏ ਇਸ ਉਪਰਾਲੇ ਦੀ ਸ਼ਲਾਘਾ ਕਰਨੀ ਬਣਦੀ ਹੈ। ਉਨ੍ਹਾਂ ਵਿਭਾਗ ਵੱਲੋਂ ਸ. ਨਾਨਕ ਸਿੰਘ ਦੀਆਂ ਵਸਤੂਆਂ ਨੂੰ ਖੂਬਸੂਰਤ ਤਰੀਕੇ ਨਾਲ ਸੰਭਾਲਣ ਲਈ ਧੰਨਵਾਦ ਵੀ ਕੀਤਾ। ਸੰਯੁਕਤ ਨਿਰਦੇਸ਼ਕਾ ਹਰਪ੍ਰੀਤ ਕੌਰ ਨੇ ਸ. ਕਰਮਵੀਰ ਸਿੰਘ ਸੂਰੀ ਅਤੇ ਉਨ੍ਹਾਂ ਦੇ ਪਰਿਵਾਰ ਦਾ ਧੰਨਵਾਦ ਕੀਤਾ।
ਤਸਵੀਰ:- ਸ. ਕਰਮਵੀਰ ਸਿੰਘ ਸੂਰੀ ਆਪਣੇ ਦਾਦਾ ਅਤੇ ਨਾਵਮਵਰ ਨਾਵਲਕਾਰ ਸ. ਨਾਨਕ ਦੀਆਂ ਨਿੱਜੀ ਵਸਤੂਆਂ ਨਾਲ ਸਬੰਧਤ ਸੈਕਸ਼ਨ ਦੀ ਭਾਸ਼ਾ ਭਵਨ ਪਟਿਆਲਾ ਵਿਖੇ ਘੁੰਡ ਚੁਕਾਈ ਕਰਨ ਮੌਕੇ ਵਿਭਾਗ ਦੇ ਅਧਿਕਾਰੀਆਂ ਨਾਲ।

ਢਾਹਾਂ ਕਲੇਰਾਂ ਹਸਪਤਾਲ ਦੇ ਡਾ. ਵਿਵੇਕ ਗੁੰਬਰ ਨੇ ਸਾਹ ਪ੍ਰਣਾਲੀ ਫੇਲ੍ਹ ਵਾਲੇ ਮਰੀਜ਼ ਦੀ ਜਾਨ ਬਚਾਈ

ਢਾਹਾਂ ਕਲੇਰਾਂ ਹਸਪਤਾਲ ਦੇ ਡਾ. ਵਿਵੇਕ ਗੁੰਬਰ ਨੇ ਸਾਹ ਪ੍ਰਣਾਲੀ ਫੇਲ੍ਹ ਵਾਲੇ ਮਰੀਜ਼ ਦੀ ਜਾਨ ਬਚਾਈ
ਬੰਗਾ 30 ਜਨਵਰੀ () ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਮੈਡੀਕਲ ਵਿਭਾਗ ਦੇ ਮੁੱਖੀ ਡਾ. ਵਿਵੇਕ ਗੁੰਬਰ ਨੇ ਫੇਫੜਿਆਂ ਦੀ ਗੰਭੀਰ ਬਿਮਾਰੀ ਏ.ਆਰ.ਡੀ.ਐਸ. ਨਾਲ ਪੀੜ੍ਹਤ ਮਰੀਜ਼ ਧੰਤੀ ਦੇਵੀ ਉਮਰ 75 ਸਾਲ ਦੀ ਜਾਨ 15 ‍ਦਿਨ ਵੈਂਟੀਟੀਲੇਟਰ ਦੀ ਮਦਦ ਨਾਲ ਵਧੀਆ ਇਲਾਜ ਕਰਕੇ ਬਚਾਏ ਜਾਣ ਦਾ ਸਮਾਚਾਰ ਹੈ । ਡਾ. ਵਿਵੇਕ ਗੁੰਬਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਕਤ ਮਰੀਜ਼ ਵੱਡੇ ਸ਼ਹਿਰ ਦੇ ਨਿੱਜੀ ਹਸਪਤਾਲ ਤੋਂ ਜਵਾਬ ਮਿਲਣ ਕਰਕੇ ਬਹੁਤ ਮਾੜੀ  ਹਾਲਤ ਵਿਚ ਢਾਹਾਂ ਕਲੇਰਾਂ ਹਸਪਤਾਲ ਵਿਖੇ ਇਲਾਜ ਲਈ ਲਿਆਂਦਾ ਗਿਆ ਸੀ । ਮਰੀਜ਼  ਦੇ  ਸਰੀਰ ਵਿਚ ਆਕਸੀਜਨ ਦਾ ਪੱਧਰ ਘਟਣ ਕਰਕੇ ਫੇਫੜਿਆਂ ਨੇ ਲੱਗਪਗ ਕੰਮ ਕਰਨਾ ਬੰਦ ਕਰ ਦਿੱਤਾ ਸੀ, ਜਿਸ ਦਾ ਅਸਰ ਮਰੀਜ਼ ਦੇ ਦਿਲ ਦੀ ਕਾਰਜ ਪ੍ਰਣਾਲੀ 'ਤੇ ਪੈਣ ਜਾਣ ਕਰਕੇ ਮਰੀਜ਼ ਨੀਮ-ਬੇਹੋਸ਼ ਹੋ ਚੁੱਕਾ ਸੀ । ਡਾ. ਸਾਹਿਬ ਨੇ ਦੱਸਿਆ ਕਿ ਮਰੀਜ਼ ਦਾ ਪਹਿਲਾਂ ਥਾਇਰਾਇਡ ਗ੍ਰੰਥੀ ਦਾ ਅਪਰੇਸ਼ਨ ਪਰਿਵਾਰ ਨੇ ਕਿਸੇ ਨਿੱਜੀ ਹਸਪਤਾਲ ਵਿਚ ਕਰਵਾਇਆ ਸੀ, ਪਰ ਉਚਿਤ ਇਲਾਜ ਨਾ ਹੋਣ ਕਰਕੇ ਉਸ ਦੀ ਹਾਲਤ ਵਿਗੜ ਗਈ ਸੀ । ਹਸਪਤਾਲ ਢਾਹਾਂ ਕਲੇਰਾਂ ਵਿਖੇ ਮਰੀਜ਼ ਧੰਤੀ ਦੇਵੀ ਦੇ ਫੇਫੜਿਆਂ ਦੀ ਸੀ ਟੀ ਸਕੈਨ, ਦਿਲ ਦਾ ਰੰਗੀਨ ਸਕੈਨ ਅਤੇ ਜ਼ਰੂਰੀ ਟੈਸਟ ਕਰਵਾ ਕੇ ਬਿਮਾਰੀ ਦਾ ਡਾਇਗਨੋਜ਼ ਕੀਤਾ ਗਿਆ । ਇਸ ਉਪਰੰਤ  ਡਾਕਟਰ ਸਾਹਿਬ ਨੇ  ਮਾਤਾ ਧੰਤੀ ਦੇਵੀ ਦੀ ਜਾਨ ਬਚਾਉਣ ਲਈ ਆਈ.ਸੀ.ਯੂ. ਵਿਚ ਸਾਹ ਵਾਲੀ ਟਿਊਬ ਅਤੇ ਵੈਂਟੀਲੇਟਰ ਅਤੇ ਖਾਸ ਦਵਾਈਆਂ ਦੀ ਸਹਾਇਤਾ ਨਾਲ ਇਲਾਜ ਕਰਨਾ ਆਰੰਭ ਕੀਤਾ । ਵਧੀਆ ਇਲਾਜ ਤੇ ਨਰਸਿੰਗ ਕੇਅਰ ਨਾਲ ਮਰੀਜ਼ ਨੂੰ 15 ਬਾਅਦ ਵੈਂਟੀਲੇਟਰ, ਇੰਡੋਟਰੈਕਲ ਤੇ ਟਰੇਕੀਉਸਟੋਮੀ ਟਿਊਬ ਅਤੇ ਹੋਰ ਆਧੁਨਿਕ ਮੈਡੀਕਲ ਯੰਤਰਾਂ ਨੂੰ ਹਟਾ ਕੇ, ਪੰਜ ਦਿਨ ਵਿਸ਼ੇਸ਼ ਐਚ.ਡੀ.ਯੂ. ਵਾਰਡ  ਵਿਚ ਕੀਤੇ ਇਲਾਜ ਉਪਰੰਤ ਮਰੀਜ਼ ਤੰਦਰੁਸਤ ਹੈ । ਇਸ ਮੌਕੇ ਮਰੀਜ਼ ਦੇ ਪਰਿਵਾਰ ਵੱਲੋਂ ਉਹਨਾਂ ਦੀ ਮਾਤਾ ਜੀ ਦਾ ਵਧੀਆ ਇਲਾਜ ਕਰਕੇ ਜਾਨ ਬਚਾਉਣ ਲਈ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਡਾਕਟਰ ਵਿਵੇਕ ਗੁੰਬਰ ਅਤੇ ਸਮੂਹ ਸਟਾਫ਼ ਦਾ ਹਾਰਦਿਕ ਧੰਨਵਾਦ ਕੀਤਾ ।  ਡਾ. ਵਿਵੇਕ ਗੁੰਬਰ ਨੇ ਦੱਸਿਆ ਕਿ  ਹਸਪਤਾਲ ਢਾਹਾਂ ਕਲੇਰਾਂ ਵਿਖੇ ਮੈਡੀਕਲ ਵਿਭਾਗ ਆਧੁਨਿਕ ਆਈ ਸੀ ਯੂ, ਆਈ ਸੀ ਸੀ ਯੂ, ਆਧੁਨਿਕ ਵੈਂਟੀਲੇਟਰਾਂ, ਆਟੋਮੈਟਿਕ ਇਨਫਿਊਜਨ  ਪੰਪ, ਕਾਰਡੀਅਕ ਮੋਨੀਟਰ ਅਤੇ ਹੋਰ ਨਵੀਨਤਮ ਉਪਕਰਨਾਂ ਨਾਲ ਲੈਸ ਹੈ, ਜਿਸ  ਕਰਕੇ ਇਥੇ ਹਰ ਤਰ੍ਹਾਂ ਦੇ ਗੰਭੀਰ ਹਾਲਤ ਵਾਲੇ ਮਰੀਜ਼ਾਂ ਦਾ ਵਧੀਆ ਇਲਾਜ ਹੋ ਰਿਹਾ ਹੈ । ਇਸ ਮੌਕੇ ਡਾ. ਬਲਵਿੰਦਰ ਸਿੰਘ ਡਿਪਟੀ ਮੈਡੀਕਲ ਸੁਪਰਡੈਂਟ, ਡਾ. ਕੁਲਦੀਪ ਸਿੰਘ ਐਸ ਐਮ ਉ, ਡਾ. ਸੁਰੇਸ਼ ਬਸਰਾ ਮੈਡੀਕਲ ਅਫਸਰ, ਮੈਡਮ ਦਵਿੰਦਰ ਕੌਰ ਨਰਸਿੰਗ ਸੁਪਰਡੈਂਟ, ਡਾ. ਮਾਇਆ ਪਾਲ, ਸੋਨੀਆ ਸਿੰਘ ਆਈ ਸੀ ਯੂ ਇੰਚਾਰਜ, ਕਿਰਨ ਮਹਿਮੀ ਐਚ.ਡੀ.ਯੂ.  ਵੀ ਹਾਜ਼ਰ ਸਨ ।  
ਫੋਟੋ ਕੈਪਸ਼ਨ : ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ-ਕਲੇਰਾਂ ਵਿਖੇ ਐਚ ਡੀ ਯੂ ਵਾਰਡ ਵਿਚ  ਮਰੀਜ਼ ਮਾਤਾ ਧੰਤੀ ਦੇਵੀ ਨਾਲ ਡਾਕਟਰ ਵਿਵੇਕ ਗੁੰਬਰ ਤੇ ਹਸਪਤਾਲ ਸਟਾਫ਼

ਸਰਕਾਰੀ ਸਕੂਲਾਂ ਦੇ ਪਾਣੀ ਦੀ ਸੈਂਪਲਿੰਗ ਨੂੰ ਬਣਾਓ ਯਕੀਨੀ – ਸ੍ਰੀ ਬਾਲ ਮੁਕੰਦ ਸ਼ਰਮਾ ਚੇਅਰਮੈਨ ਪੰਜਾਬ ਸਟੇਟ ਫੂਡ ਕਮਿਸ਼ਨ

ਮਿਡ-ਡੇ-ਮੀਲ  ਦੀ ਗੁਣਵੱਤਾ ਦੀ ਕੀਤੀ ਜਾਵੇ ਸਮੇਂ ਸਮੇਂ ਸਿਰ ਜਾਂਚ

ਗੰਭੀਰ ਬਿਮਾਰੀਆਂ ਤੋਂ ਪੀੜ੍ਹਤ ਸਕੂਲੀ ਬੱਚਿਆਂ ਦਾ ਮੁਫ਼ਤ ਇਲਾਜ ਕਰਵਾਉਂਦੀ ਹੈ ਸਰਕਾਰ

ਅੰਮ੍ਰਿਤਸਰ 30 ਜਨਵਰੀ - ਅੱਜ ਦਫ਼ਤਰ ਵਧੀਕ ਡਿਪਟੀ ਕਮਿਸ਼ਨਰ ਪੇਂਡੂ ਵਿਕਾਸ ਵਿਖੇ ਚੇਅਰਮੈਨ ਪੰਜਾਬ ਸਟੇਟ ਫੂਡ ਕਮਿਸ਼ਨਰ ਸ੍ਰੀ ਬਾਲ ਮੁਕੰਦ ਸ਼ਰਮਾ ਨੇ ਸਬੰਧਤ ਅਧਿਕਾਰੀਆਂ ਨਾਲ ਮੀਟਿੰਗ ਕਰਦੇ ਹੋਏ ਨਿਰਦੇਸ਼ ਦਿੱਤੇ ਕਿ ਸਰਕਾਰੀ ਸਕੂਲਾਂ ਦੇ ਪਾਣੀ ਦੀ ਸੈਂਪਲਿੰਗ ਨੂੰ ਯਕੀਨੀ ਬਣਾਇਆ ਜਾਵੇ ਅਤੇ ਜਿਲ੍ਹੇ ਵਿੱਚ ਸਾਰੇ ਸਰਕਾਰੀ ਸਕੂਲਾਂ ਦੀ ਪਾਣੀ ਦੀ ਸੈਂਪਲਿੰਗ ਕਰਕੇ ਰਿਪੋਰਟ ਕਮਿਸ਼ਨ ਨੂੰ ਭੇਜੀ ਜਾਵੇ। ਉਨਾਂ ਕਿਹਾ ਕਿ ਮਿਡ-ਡੇ-ਮੀਲ ਦੇ ਖਾਣੇ ਦੀ ਗੁਣਵੱਤਾ ਦੀ ਜਾਂਚ ਦਾ ਵੀ ਵਿਸ਼ੇਸ਼ ਧਿਆਨ ਰੱਖਿਆ ਜਾਵੇ ਅਤੇ ਮਿਡ ਡੇ-ਮੀਲ ਦੇ ਰਾਸ਼ਨ ਦੀ ਸਟੋਰੇਜ ਵਿਵਸਥਾ ਖੁੱਲੇ ਅਤੇ ਹਵਾਦਾਰ ਕਮਰੇ ਵਿਚ ਹੋਣੀ ਚਾਹੀਦੀ ਹੈ ਤਾਂ ਜੋ ਰਾਸ਼ਨ ਖ਼ਰਾਬ ਨਾ ਹੋ ਸਕੇ।

                ਚੇਅਰਮੈਨ ਨੇ ਸਿਵਲ ਸਰਜਨ ਨੂੰ ਹਦਾਇਤ ਕਰਦਿਆਂ ਕਿਹਾ ਕਿ ਸਾਰੇ ਸਰਕਾਰੀ ਸਕੂਲਾਂ ਵਿੱਚ ਮੈਡੀਕਲ ਚੈਕਅਪ ਕੈਂਪ ਨਿਰੰਤਰ ਲਗਾਏ ਜਾਣ ਅਤੇ ਸਕੂਲੀ ਬੱਚਿਆਂ ਦੀ ਸਿਹਤ ਦਾ ਖਾਸ ਧਿਆਨ ਰੱਖਿਆ ਜਾਵੇ। ਉਨਾਂ ਦੱਸਿਆ ਕਿ ਸਰਕਾਰ ਸਕੂਲੀ ਬੱਚਿਆਂ ਨੂੰ ਹੋਈ ਕਿਸੇ ਵੀ ਤਰ੍ਹਾਂ ਦੀ ਗੰਭੀਰ ਬਿਮਾਰੀ ਦਾ ਸਾਰਾ ਇਲਾਜ ਖੁਦ ਉਠਾਉਂਦੀ ਹੈ ਚਾਹੇ ਉਹ ਇਲਾਜ ਪੀ.ਜੀ.ਆਈ ਰਾਹੀਂ ਹੋਵੇ ਜਾਂ ਕਿਸੇ ਪ੍ਰਾਈਵੇਟ ਹਸਪਤਾਲ ਵਿੱਚ। ਮੀਟਿੰਗ ਦੌਰਾਨ ਸਿਵਲ ਸਰਜਨ ਡਾ. ਕਿਰਨਦੀਪ ਕੌਰ ਨੇ ਦੱਸਿਆ ਕਿ ਸਿਹਤ ਵਿਭਾਗ ਦੀਆਂ ਟੀਮਾਂ ਲਗਾਤਾਰ ਸਕੂਲੀ ਬੱਚਿਆਂ ਦਾ ਸਿਹਤ ਚੈਕਅਪ ਕਰਦੀਆਂ ਹਨ। ਜਿਸ ਵਿੱਚ 30 ਬਿਮਾਰੀਆਂ ਦਾ ਚੈਕਅਪ ਕੀਤਾ ਜਾਂਦਾ ਹੈ ਅਤੇ ਜੇਕਰ ਕਿਸੇ ਬੱਚੇ ਨੂੰ ਕੋਈ ਗੰਭੀਰ ਬਿਮਾਰੀ ਪਾਈ ਜਾਂਦੀ ਹੈ ਤਾਂ ਉਸਨੂੰ ਪੀ.ਜੀ.ਆਈ. ਜਾਂ ਕਿਸੇ ਵੱਡੇ ਪ੍ਰਾਈਵੇਟ ਹਸਪਤਾਲ ਵਿੱਚ ਉਸਦਾ ਸਾਰਾ ਇਲਾਜ ਮੁਫ਼ਤ ਕਰਵਾਇਆ ਜਾਂਦਾ ਹੈ। ਉਨਾਂ ਦੱਸਿਆ ਕਿ ਪਿਛਲੇ ਸਾਲ ਦੌਰਾਨ ਕਰੀਬ 70 ਸਕੂਲੀ ਬੱਚਿਆਂ ਨੂੰ ਗੰਭੀਰ ਬਿਮਾਰੀ ਪਾਈ ਗਈ ਸੀ, ਜਿਨਾਂ ਦਾ ਇਲਾਜ ਸਰਕਾਰ ਵਲੋਂ ਮੁਫ਼ਤ ਕੀਤਾ ਗਿਆ ਹੈ। ਸਿਵਲ ਸਰਜਨ ਨੇ ਦੱਸਿਆ ਕਿ ਇਸੇ ਤਰ੍ਹਾਂ ਆਯੂਸ਼ਮਾਨ ਸਕੀਮ ਤਹਿਤ ਸਕੂਲ ਹੈਲਥ ਵੈਲਨੈਸ ਰਾਹੀਂ ਸਕੂਲੀ  ਅਧਿਆਪਕਾਂ ਨੂੰ ਟ੍ਰੇਨਿੰਗ ਦੇ ਕੇ ਬੱਚਿਆਂ ਦਾ ਫਿਜੀਕਲ ਚੈਕਅਪ ਯਕੀਨੀ ਬਣਾਇਆ ਜਾ ਰਿਹਾ ਹੈ।

                ਚੇਅਰਮੈਨ ਨੇ ਦੱਸਿਆ ਕਿ ਆਂਗਣਵਾੜੀ ਕੇਂਦਰਾਂ ਦੀਆਂ ਨਵੀਆਂ ਇਮਾਰਤਾਂ ਬਣਾਈਆਂ ਜਾ ਰਹੀਆਂ ਹਨ, ਜਿਥੇ ਬੱਚਿਆਂ ਨੂੰ ਸਾਰੀਆਂ ਸੁਵਿਧਾਵਾਂ ਮੁਹੱਈਆਂ ਹੋਣਗੀਆਂ। ਉਨਾਂ ਜਿਲ੍ਹਾ ਖੁਰਾਕ ਸਪਲਾਈ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੰਦਿਆਂ ਕਿਹਾ ਕਿ ਉਹ ਡਿਪੂਆਂ ਦੀ ਲਗਾਤਾਰ ਨਿਗਰਾਣੀ ਕਰਨ ਤਾਂ ਜੋ ਲਾਭਪਾਤਰੀਆਂ ਨੂੰ ਸਰਕਾਰ ਵਲੋਂ ਮੁਹੱਈਆ ਕਰਵਾਈ ਜਾਣ ਵਾਲੀ ਕਣਕ ਠੀਕ ਮਾਤਰਾ ਵਿੱਚ ਮਿਲ ਸਕੇ।  ਜਿਲ੍ਹਾ ਕੰਟਰੋਲਰ ਖੁਰਾਕ ਸਿਵਲ ਸਪਲਾਈ ਸ੍ਰੀ ਵਰਿੰਦਰ ਕੁਮਾਰ ਨੇ ਦੱਸਿਆ ਕਿ ਜਿਲ੍ਹੇ ਵਿੱਚ ਕਰੀਬ 1800 ਡਿਪੂ ਹਨ ਅਤੇ 3 ਲੱਖ 66 ਹਜ਼ਾਰ ਕਾਰਡ ਹੋਲਡਰ ਦੇ ਕਰੀਬ 12 ਲੱਖ ਪਰਿਵਾਰਾਂ ਨੂੰ ਅਨਾਜ ਮੁਹੱਈਆ ਕਰਵਾਈ ਜਾਂਦੀ ਹੈ।

                ਚੇਅਰਮੈਨ ਨੇ ਵਧੀਕ ਡਿਪਟੀ ਕਮਿਸ਼ਨਰ ਪੇਂਡੂ ਵਿਕਾਸ ਸ੍ਰੀਮਤੀ ਪਰਮਜੀਤ ਕੌਰ ਨੂੰ ਕਿਹਾ ਕਿ ਉਹ ਹਰ ਮਹੀਨੇ ਸਬੰਧਤ ਵਿਭਾਗਾਂ ਦੀ ਮੀਟਿੰਗ ਕਰਕੇ ਉਸਦੀ ਰਿਪੋਰਟ ਕਮਿਸ਼ਨ ਨੂੰ ਭੇਜਣ। ਉਨਾਂ ਕਿਹਾ ਕਿ ਸਾਰੇ ਵਿਭਾਗਾਂ ਵਿੱਚ ਆਪਸੀ ਤਾਲਮੇਲ ਹੋਣਾ ਬਹੁਤ ਜ਼ਰੂਰੀ ਹੈ ਤਾਂ ਹੀ ਸਰਕਾਰ ਵਲੋਂ ਚਲਾਈਆਂ ਜਾਂਦੀਆਂ ਭਲਾਈ ਸਕੀਮਾਂ ਦਾ ਲਾਭ ਲੋਕਾਂ ਨੂੰ ਮਿਲ ਸਕੇਗਾ।

                ਚੇਅਰਮੈਨ ਨੇ ਦੱਸਿਆ ਕਿ ਰਾਸ਼ਟਰੀ ਖੁਰਾਕ ਸੁਰੱਖਿਆ ਐਕਟ 2013 ਅਧੀਨ ਨਾਗਰੀਕਾਂ ਨੂੰ ਰਾਸ਼ਨ ਕਾਰਡ ਡਿਪੂਆਂ, ਆਂਗਣਵਾੜੀ ਕੇਂਦਰਾਂ, ਸਕੂਲਾਂ ਰਾਹੀਂ ਪ੍ਰਦਾਨ ਕੀਤੇ ਰਾਸ਼ਨ, ਅਨਾਜ ਖਾਣੇ ਸਬੰਧੀ ਕਿਸੇ ਤਰ੍ਹਾਂ ਦੀ ਕੋਈ ਸ਼ਿਕਾਇਤ ਹੋਵੇ ਤਾਂ ਉਹ ਜਿਲ੍ਹੇ ਦੇ ਵਧੀਕ ਡਿਪਟੀ ਕਮਿਸ਼ਨਰ ਪੇਂਡੂ ਵਿਕਾਸ-ਕਮ-ਜਿਲ੍ਹਾ ਸ਼ਿਕਾਇਤ ਨਿਵਾਰਨ ਅਫ਼ਸਰ ਨਜਦੀਕ ਜਿਲ੍ਹਾ ਪ੍ਰੀਸ਼ਦ, ਜਿਲ੍ਹਾ ਕਚਹਿਰੀਆਂ ਵਿਖੇ ਆਪਣੀ ਸ਼ਿਕਾਇਤ ਦੇ ਸਕਦਾ ਹੈ ਜਾਂ ਈਮੇਲ dgrofrasr@gmail.com ਤੇ ਆਪਣੀ ਸ਼ਿਕਾਇਤ ਦਰਜ਼ ਕਰਵਾ ਸਕਦਾ ਹੈ।

                ਮੀਟਿੰਗ ਵਿੱਚ ਸਹਾਇਕ ਸਿਵਲ ਸਰਜਨ ਸ੍ਰੀਮਤੀ ਰਜਿੰਦਰ ਪਾਲ ਕੌਰ, ਸਹਾਇਕ ਕਮਿਸ਼ਨਰ ਫੂਡ ਸੇਫਟੀ ਸ੍ਰੀ ਰਜਿੰਦਰਪਾਲ, ਏ.ਐਫ.ਐਸ.ਓ. ਸ: ਸੰਦੀਪ ਸਿੰਘ, ਡਾ. ਸੁਮਿਤ, ਉਪ ਜਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਇੰਦੂ ਮੰਗੋਤਰਾ, ਮਿਡ-ਡੇ-ਮੀਲ ਮੈਨੇਜਰ ਸੌਰਵ ਸ਼ਰਮਾ, ਸ: ਇਕਬਾਲ ਸਿੰਘ ਤੋਂ ਇਲਾਵਾ ਹੋਰ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।

ਕੈਪਸ਼ਨ : ਚੇਅਰਮੈਨ ਪੰਜਾਬ ਸਟੇਟ ਫੂਡ ਕਮਿਸ਼ਨਰ ਸ੍ਰੀ ਬਾਲ ਮੁਕੰਦ ਸ਼ਰਮਾ ਅਧਿਕਾਰੀਆਂ ਨਾਲ ਮੀਟਿੰਗ ਕਰਦੇ ਹੋਏ।

Fwd: ਪ੍ਰੈਸ ਰਿਲੀਜ਼ ਬਲਦੇਵ ਸਿੰਘ ਸਰਾਂ, ਸੀਐਮਡੀ/ਪੀਐਸਪੀਸੀਐਲ, ਨੇ 76ਵੇਂ ਗਣਤੰਤਰ ਦਿਵਸ ਦੇ ਮੌਕੇ 'ਤੇ ਰਾਜ ਪੱਧਰੀ ਸਮਾਗਮ ਵਿੱਚ ਰਾਸ਼ਟਰੀ ਝੰਡਾ ਲਹਿਰਾਇਆ

 

ਬਲਦੇਵ ਸਿੰਘ ਸਰਾਂ, ਸੀਐਮਡੀ/ਪੀਐਸਪੀਸੀਐਲ, ਨੇ 76ਵੇਂ ਗਣਤੰਤਰ ਦਿਵਸ ਦੇ ਮੌਕੇ 'ਤੇ ਰਾਜ ਪੱਧਰੀ ਸਮਾਗਮ ਵਿੱਚ ਰਾਸ਼ਟਰੀ ਝੰਡਾ ਲਹਿਰਾਇਆ

 

ਪਟਿਆਲਾ, 27 ਜਨਵਰੀ, 2025: ਇੰਜੀਨੀਅਰ ਬਲਦੇਵ ਸਿੰਘ ਸਰਾਂ, ਸੀਐਮਡੀ/ਪੀਐਸਪੀਸੀਐਲ, ਨੇ ਐਤਵਾਰ ਨੂੰ 76ਵੇਂ ਗਣਤੰਤਰ ਦਿਵਸ ਮਨਾਉਣ ਲਈ ਇੱਥੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀਐਸਪੀਸੀਐਲ) ਮੁੱਖ ਦਫਤਰ ਵਿਖੇ ਰਾਸ਼ਟਰੀ ਝੰਡਾ ਲਹਿਰਾਇਆ।

 

ਇੰਜੀਨੀਅਰ ਬਲਦੇਵ ਸਿੰਘ ਸਰਾਂ ਨੇ ਟੁਕੜੀਆਂ ਤੋਂ ਸਲਾਮੀ ਲਈ ਅਤੇ ਪੀਐਸਪੀਸੀਐਲ ਕਰਮਚਾਰੀਆਂ ਵੱਲੋਂ ਪੇਸ਼ ਕੀਤੇ ਗਏ ਸੱਭਿਆਚਾਰਕ ਅਤੇ ਹੋਰ ਪ੍ਰਦਰਸ਼ਨਾਂ ਦੀ ਬਹੁਤ ਸ਼ਲਾਘਾ ਕੀਤੀ। ਆਪਣੇ ਸੰਬੋਧਨ ਵਿੱਚ, ਉਨ੍ਹਾਂ ਕਿਹਾ ਕਿ ਗਣਤੰਤਰ ਦਿਵਸ ਬਹੁਤ ਮਹੱਤਵ ਰੱਖਦਾ ਹੈ ਕਿਉਂਕਿ ਇਹ ਉਸ ਦਿਨ ਨੂੰ ਦਰਸਾਉਂਦਾ ਹੈ ਜਦੋਂ 1950 ਵਿੱਚ ਭਾਰਤ ਦਾ ਸੰਵਿਧਾਨ ਲਾਗੂ ਹੋਇਆ ਸੀ। ਇਹ ਦਿਨ ਭਾਰਤ ਦੇ ਇੱਕ ਬ੍ਰਿਟਿਸ਼ ਡੋਮੀਨੀਅਨ ਤੋਂ ਇੱਕ ਪ੍ਰਭੂਸੱਤਾ ਸੰਪੰਨ ਗਣਰਾਜ ਵਿੱਚ ਤਬਦੀਲੀ ਦਾ ਪ੍ਰਤੀਕ ਹੈ, ਜੋ ਇਸਦੇ ਸਾਰੇ ਨਾਗਰਿਕਾਂ ਲਈ ਲੋਕਤੰਤਰੀ ਸ਼ਾਸਨ, ਸਮਾਨਤਾ ਅਤੇ ਨਿਆਂ ਨੂੰ ਯਕੀਨੀ ਬਣਾਉਂਦਾ ਹੈ। ਸੰਵਿਧਾਨ ਨੂੰ ਅਪਣਾਉਣ ਨਾਲ ਨਾ ਸਿਰਫ਼ ਇੱਕ ਆਧੁਨਿਕ ਰਾਸ਼ਟਰ ਦੀ ਨੀਂਹ ਰੱਖੀ ਗਈ ਸਗੋਂ ਡਾ. ਬੀ.ਆਰ. ਅੰਬੇਡਕਰ ਵਰਗੇ ਨੇਤਾਵਾਂ ਦੇ ਦ੍ਰਿਸ਼ਟੀਕੋਣ ਦੀ ਪੁਸ਼ਟੀ ਵੀ ਹੋਈ, ਜਿਨ੍ਹਾਂ ਨੇ ਇਸ ਯਾਦਗਾਰੀ ਦਸਤਾਵੇਜ਼ ਦਾ ਖਰੜਾ ਤਿਆਰ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। ਗਣਤੰਤਰ ਦਿਵਸ ਅਣਗਿਣਤ ਆਜ਼ਾਦੀ ਘੁਲਾਟੀਆਂ ਵੱਲੋਂ ਭਾਰਤ ਦੀ ਆਜ਼ਾਦੀ ਲਈ ਲੜੇ ਗਏ ਕੁਰਬਾਨੀਆਂ ਅਤੇ ਆਜ਼ਾਦੀ, ਏਕਤਾ ਅਤੇ ਧਰਮ ਨਿਰਪੱਖਤਾ ਦੇ ਮੁੱਲਾਂ ਦੀ ਯਾਦ ਦਿਵਾਉਂਦਾ ਹੈ ਜੋ ਦੇਸ਼ ਨੂੰ ਇੱਕ ਦੂਜੇ ਨਾਲ ਜੋੜਦੇ ਹਨ।

 

ਉਨ੍ਹਾਂ ਨੇ ਕਮਰਸ਼ੀਅਲ ਟੀਮ ਦੇ ਕਰਮਚਾਰੀਆਂ ਵੱਲੋਂ ਪੇਸ਼ ਕੀਤੇ ਗਏ ਭੰਗੜੇ ਅਤੇ ਬੋਲੀਆਂ ਦੇ ਜੀਵੰਤ ਪ੍ਰਦਰਸ਼ਨਾਂ 'ਤੇ ਖੁਸ਼ੀ ਪ੍ਰਗਟ ਕੀਤੀ। ਉਨ੍ਹਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਇਨ੍ਹਾਂ ਪ੍ਰਦਰਸ਼ਨਾਂ ਨੇ ਜਨਤਾ ਨੂੰ ਇੱਕ ਮਹੱਤਵਪੂਰਨ ਸੰਦੇਸ਼ ਦਿੱਤਾ, ਉਨ੍ਹਾਂ ਨੂੰ ਬਿਜਲੀ ਚੋਰੀ ਤੋਂ ਬਚਣ ਦੀ ਅਪੀਲ ਕੀਤੀ।

 

ਸੀਐਮਡੀ ਨੇ ਅਜਿਹੀਆਂ ਪਹਿਲਕਦਮੀਆਂ ਰਾਹੀਂ ਜਾਗਰੂਕਤਾ ਪੈਦਾ ਕਰਨ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ, ਲੋਕਾਂ ਨੂੰ ਰਿਸ਼ਵਤ ਨਾ ਦੇਣ ਅਤੇ ਨਾ ਹੀ ਲੈਣ ਲਈ ਉਤਸ਼ਾਹਿਤ ਕੀਤਾ। ਇਸ ਤੋਂ ਇਲਾਵਾ, ਉਨ੍ਹਾਂ ਨੇ ਨਾਗਰਿਕਾਂ ਨੂੰ ਆਪਣੇ ਅਧਿਕਾਰਾਂ ਦੇ ਨਾਲ-ਨਾਲ ਆਪਣੀਆਂ ਜ਼ਿੰਮੇਵਾਰੀਆਂ ਨੂੰ ਸਮਝਣ ਦੀ ਮਹੱਤਤਾ 'ਤੇ ਜ਼ੋਰ ਦਿੱਤਾ।

 

ਹੋਰਨਾਂ ਤੋਂ ਇਲਾਵਾ, ਪੀਐਸਪੀਸੀਐਲ ਦੇ ਡਾਇਰੈਕਟਰ ਡਿਸਟ੍ਰੀਬਿਊਸ਼ਨ ਇੰਜੀਨੀਅਰ ਡੀਪੀਐਸ ਗਰੇਵਾਲ, ਡਾਇਰੈਕਟਰ/ਵਪਾਰਕ ਇੰਜੀਨੀਅਰ ਰਵਿੰਦਰ ਸਿੰਘ ਸੈਣੀ, ਡਾਇਰੈਕਟਰ/ਜਨਰੇਸ਼ਨ ਇੰਜੀਨੀਅਰ ਹਰਜੀਤ ਸਿੰਘ ਅਤੇ ਡਾਇਰੈਕਟਰ ਐਡਮਿਨ ਜਸਬੀਰ ਸਿੰਘ ਸੁਰ ਸਿੰਘ ਮੌਜੂਦ ਸਨ।



Fwd: ਸਕੂਲ ਮੈਨੇਜਮੈਂਟ ਕਮੇਟੀ ਸ.ਮਿ.ਸ. ਖੇੜੀ ਗੁੱਜਰਾ ਵੱਲੋਂ ਸ੍ਰੀਮਤੀ ਮਮਤਾ ਰਾਣੀ ਜੀ ਨੂੰ ਕੀਤਾ ਗਿਆ ਸਨਮਾਨਿਤ


ਸਕੂਲ ਮੈਨੇਜਮੈਂਟ ਕਮੇਟੀ ਸ.ਮਿ.ਸ. ਖੇੜੀ ਗੁੱਜਰਾ ਵੱਲੋਂ ਸ੍ਰੀਮਤੀ ਮਮਤਾ ਰਾਣੀ ਜੀ ਨੂੰ ਕੀਤਾ ਗਿਆ ਸਨਮਾਨਿਤ

ਪਟਿਆਲਾ -  ਸਰਕਾਰੀ ਮਿਡਲ ਸਕੂਲ ਖੇੜੀ ਗੁੱਜਰਾਂ ਪਟਿਆਲਾ ਵਿਖੇ 76ਵਾਂ ਗਣਤੰਤਰ ਦਿਵਸ ਮਨਾਇਆ ਗਿਆ। ਇਸ ਮੌਕੇ ਤੇ ਸਕੂਲ ਦੇ ਵਿਦਿਆਰਥੀਆਂ ਨੇ ਦੇਸ਼ ਭਗਤੀ ਦੇ ਗੀਤ ਗਾਏ ਅਤੇ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ। ਇਸ ਮੌਕੇ ਤੇ ਸਕੂਲ ਮੈਨੇਜਮੈਂਟ ਕਮੇਟੀ ਸਰਕਾਰੀ ਮਿਡਲ ਸਕੂਲ ਖੇੜੀ ਗੁੱਜਰਾਂ ਪਟਿਆਲਾ ਵੱਲੋਂ ਸ੍ਰੀਮਤੀ ਮਮਤਾ ਰਾਣੀ ਜੀ (ਪੀ.ਟੀ.ਆਈ., ਸਰਕਾਰੀ ਮਿਡਲ ਸਕੂਲ ਖੇੜੀ ਗੁੱਜਰਾਂ, ਪਟਿਆਲਾ) ਨੂੰ ਉਹਨਾਂ ਦੇ ਸਕੂਲ ਪ੍ਰਤੀ ਪਾਏ ਗਏ ਵਡਮੁੱਲੇ ਯੋਗਦਾਨ ਲਈ ਸਨਮਾਨਿਤ ਕੀਤਾ ਗਿਆ। ਸ੍ਰੀਮਤੀ ਮਮਤਾ ਰਾਣੀ ਜੀ ਦੀ ਅਗਵਾਈ ਵਿੱਚ ਸਕੂਲ ਦੇ ਵਿਦਿਆਰਥੀ ਹਰ ਸਾਲ ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰ ਰਹੇ ਹਨ। ਸ੍ਰੀਮਤੀ ਮਮਤਾ ਰਾਣੀ ਜੀ ਸਕੂਲ ਦੇ ਵਿਦਿਆਰਥੀਆਂ ਦੀ ਹਰ ਸੰਭਵ ਮਦਦ ਕਰਨ ਲਈ ਹਮੇਸ਼ਾ ਤਿਆਰ ਰਹਿੰਦੇ ਹਨ। ਸ੍ਰੀਮਤੀ ਮਮਤਾ ਰਾਣੀ ਜੀ ਦੀ ਪ੍ਰਰੇਣਾ ਕਾਰਨ ਸਕੂਲ ਦਾ ਹਰੇਕ ਵਿਦਿਆਰਥੀ ਕਿਸੇ ਨਾ ਕਿਸੇ ਖੇਡ ਵਿੱਚ ਭਾਗ ਜ਼ਰੂਰ ਲੈਂਦਾ ਹੈ। ਸ੍ਰੀਮਤੀ ਹਰਪ੍ਰੀਤ ਕੌਰ ਜੀ (ਚੈਅਰਮੇਨ, ਸਕੂਲ ਮੈਨੇਜਮੈਂਟ ਕਮੇਟੀ ਸ.ਮਿ.ਸ ਖੇੜੀ ਗੁੱਜਰਾਂ ਪਟਿਆਲਾ) ਨੇ ਕਿਹਾ ਕਿ ਸ੍ਰੀਮਤੀ ਮਮਤਾ ਰਾਣੀ ਜੀ ਦੀ ਰਹਿਨੁਮਾਈ ਵਿੱਚ ਸਕੂਲ ਦੇ ਵਿਦਿਆਰਥੀ ਵੱਖ-ਵੱਖ ਖੇਡਾਂ ਵਿੱਚ ਮੈਡਲ ਹਾਸਲ ਕਰ ਰਹੇ ਹਨ ਅਤੇ ਸਕੂਲ, ਮਾਪਿਆਂ ਅਤੇ ਪਿੰਡ ਦਾ ਨਾਮ ਰੋਸ਼ਨ ਕਰ ਰਹੇ ਹਨ। ਸ੍ਰੀਮਤੀ ਰਵਿੰਦਰਪਾਲ ਕੌਰ ਜੀ (ਇੰਚਾਰਜ, ਸ.ਮਿ.ਸ ਖੇੜੀ ਗੁੱਜਰਾਂ ਪਟਿਆਲਾ) ਨੇ ਕਿਹਾ ਕਿ ਸ੍ਰੀਮਤੀ ਮਮਤਾ ਰਾਣੀ ਜੀ ਸਕੂਲ ਦੇ ਵਿਕਾਸ ਵਿੱਚ ਵੀ ਅਹਿਮ ਭੂਮਿਕਾ ਨਿਭਾ ਰਹੇ ਹਨ ਅਤੇ ਇਹ ਸਾਡੇ ਲਈ ਬੜੀ ਮਾਣ ਵਾਲੀ ਗੱਲ ਹੈ ਕਿ ਇਹ ਸਾਡੇ ਸਕੂਲ ਦੇ ਅਧਿਆਪਕ ਹਨ। ਕੰਪਲੈਕਸ ਸਕੂਲ ਦੇ ਸ੍ਰੀਮਤੀ ਮਨਦੀਪ ਕੌਰ ਜੀ (ਪ੍ਰਿੰਸੀਪਲ, ਸ.ਕੰ.ਸ.ਸ.ਸ. ਪੁਰਾਣੀ ਪੁਲਿਸ ਲਾਈਨ ਪਟਿਆਲਾ) ਨੇ ਕਿਹਾ ਕਿ ਉਹਨਾਂ ਨੂੰ ਬਹੁਤ ਖੁਸ਼ੀ ਹੈ ਕਿ ਸਰਕਾਰੀ ਮਿਡਲ ਸਕੂਲ ਖੇੜੀ ਗੁੱਜਰਾਂ ਪਟਿਆਲਾ ਦੇ ਵਿਦਿਆਰਥੀ ਖੇਡਾਂ ਵਿੱਚ ਸ੍ਰੀਮਤੀ ਮਮਤਾ ਰਾਣੀ ਜੀ ਅਗਵਾਈ ਵਿੱਚ ਕਾਮਯਾਬੀ ਦੀਆਂ ਨਵੀਆਂ ਉਚਾਈਆਂ ਛੂਹ ਰਹੇ ਹਨ। ਸ੍ਰੀਮਤੀ ਮਮਤਾ ਰਾਣੀ ਜੀ ਨੇ ਕਿਹਾ ਕਿ ਉਹਨਾਂ ਨੂੰ ਇਹ ਸਨਮਾਨ ਪ੍ਰਾਪਤ ਕਰ ਕੇ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ ਅਤੇ ਉਹ ਆਉਣ ਵਾਲੇ ਸਮੇਂ ਵਿੱਚ ਇਸ ਤੋਂ ਵੀ ਵਧੇਰੇ ਮਿਹਨਤ ਕਰਣਗੇ। ਇਸ ਮੌਕੇ ਤੇ ਸਕੂਲ ਦੇ ਬੱਚੇ, ਬੱਚਿਆਂ ਦੇ ਮਾਪੇ, ਸਕੂਲ ਦੇ ਅਧਿਆਪਕ, ਸਕੂਲ ਮੈਨੇਜਮੈਂਟ ਕਮੇਟੀ ਨੇ ਮੈਂਬਰ ਅਤੇ ਹੋਰ ਪਿੰਡ ਵਾਸੀ ਮੌਜੂਦ ਸਨ।

 

ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀਆਂ ਨੇ ਘਟਨਾ ਦੇ ਦੋਸ਼ੀਆਂ ਨੂੰ ਸਖਤ ਸਜ਼ਾ ਦੇਣ ਦਾ ਵਚਨ ਦੁਹਰਾਇਆ

 ਦੁਖਦਾਈ ਘਟਨਾ ਦਾ ਮੌਕਾ ਵੇਖਣ ਪੁੱਜੇ ਕੈਬਨਿਟ ਮੰਤਰੀ, ਡਾ. ਅੰਬੇਡਕਰ ਜੀ ਦੇ ਬੁੱਤ ਤੇ ਕੀਤੀਆਂ ਫੁੱਲ ਮਾਲਾਵਾਂ ਅਰਪਿਤ

 ਅੰਮ੍ਰਿਤਸਰ 27 ਜਨਵਰੀ     ਪਿਛਲੇ ਦਿਨੀ ਹੈਰੀਟੇਜ ਸਟਰੀਟ ਵਿਖੇ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੀ ਬੇਅਦਬੀ ਦੀ ਘਟਨਾ ਵਿੱਚ ਸ਼ਾਮਿਲ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਦੇਣ ਦਾ ਅਹਿਦ ਲੈਂਦਿਆਂ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀਆਂ ਸਰਦਾਰ ਹਰਪਾਲ ਸਿੰਘ ਚੀਮਾ ਸ੍ਰੀ ਅਮਨ ਅਰੋੜਾਸ: ਹਰਭਜਨ ਸਿੰਘ ਈ.ਟੀ.ਓ. ਅਤੇ ਸ੍ਰੀ ਕੁਲਦੀਪ ਸਿੰਘ ਧਾਲੀਵਾਲ ਨੇ ਡਾ. ਅੰਡਬੇਕਰ ਜੀ ਦੇ ਬੁੱਤ ਤੇ ਫੁੱਲ ਮਾਲਾਵਾਂ ਵੀ ਅਰਪਿਤ ਕੀਤੀਆਂ। ਮੰਤਰੀ ਸਾਹਿਬਾਨ ਨੇ ਕਿਹਾ ਕਿ ਪੰਜਾਬ ਦੀ ਸ਼ਾਂਤੀ ਭੰਗ ਕਰਨ ਦੀ ਆਗਿਆ ਕਿਸੇ ਨੂੰ ਨਹੀਂ ਦਿੱਤੀ ਜਾਵੇਗੀ। ਅੱਜ ਉਕਤ ਘਟਨਾ ਸਥਾਨ ਉੱਤੇ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਸ: ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਦੋਸ਼ੀ ਨੂੰ ਕਾਨੂੰਨ ਦੇ ਘੇਰੇ ਵਿੱਚ ਲਿਆ ਕੇ ਸਖ਼ਤ ਸਜਾ ਦਿਵਾਈ ਜਾਵੇਗੀ।

                ਇਸ ਮੌਕੇ ਪ੍ਰੈਸ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਵਿੱਤ ਮੰਤਰੀ ਸ: ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਨੇ ਸੰਸਦ ਅਤੇ ਸੰਸਦ ਤੋਂ ਬਾਹਰ ਜੋ ਅਪਮਾਨਜਨਕ ਟਿੱਪਣੀਆਂ ਕੀਤੀਆਂ ਸਨਉਹ ਦੇਸ਼ ਵਿੱਚ ਨਫ਼ਤਰ ਫੈਲਾ ਰਹੀਆਂ ਹਨ। ਉਨਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ: ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਤੁਰੰਤ ਕਾਰਵਾਈ ਕਰਦਿਆਂ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ।  ਉਨਾਂ ਕਿਹਾ ਕਿ ਇਸ ਘਟਨਾ ਦੀ ਉੱਚ ਪੱਧਰੀ ਜਾਂਚ ਚਲ ਰਹੀ ਹੈ ਅਤੇ ਜੋ ਕੋਈ ਵੀ ਇਸ ਘਟਨਾ ਵਿੱਚ ਦੋਸ਼ੀ ਪਾਇਆ ਗਿਆਉਸ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨਾਂ ਕਿਹਾ ਕਿ ਕੁੱਝ ਸ਼ਰਾਰਤੀ ਅਨਸਰ ਪੰਜਾਬ ਵਿੱਚ ਨਫ਼ਰਤ ਫੈਲਾਉਣਾ ਚਾਹੁੰਦੇ ਹਨ ਅਤੇ ਪੰਜਾਬ ਦੀ ਸਾਂਤੀ ਨੂੰ ਭੰਗ ਕਰਨਾ ਚਾਹੁੰਦੇ ਹਨਉਨਾਂ ਦੀ ਇਸ ਕਾਰਵਾਈ ਨੂੰ ਕਦੇ ਵੀ ਸਫ਼ਲ ਨਹੀਂ ਹੋਣ ਦਿੱਤਾ ਜਾਵੇਗਾ। ਉਨਾਂ ਕਿਹਾ ਕਿ ਮਾਨਯੋਗ ਕੋਰਟ ਨੇ ਦੋਸ਼ੀ ਦਾ ਚਾਰ ਦਿਨਾਂ ਰਿਮਾਂਡ ਦਿੱਤਾ ਹੈ। ਉਨਾਂ ਕਿਹਾ ਕਿ ਸਾਰੇ ਸਾਜਿਸ਼ ਕਰਤਾਵਾਂ ਨੂੰ ਜਲਦੀ ਹੀ ਕਾਨੂੰਨ ਦੇ ਕਟਿਹਰੇ ਵਿੱਚ ਲਿਆਂਦਾ ਜਾਵੇਗਾ।

                ਇਸ ਦੌਰਾਨ ਕੈਬਨਿਟ ਮੰਤਰੀ ਸ੍ਰੀ ਅਮਨ ਅਰੋੜਾ ਨੇ ਕਿਹਾ ਕਿ ਪੰਜਾਬ ਗੁਰੂਆਂਪੀਰਾਂਫਕੀਰਾਂ ਦੀ ਧਰਤੀ ਹੈ ਅਤੇ ਸਾਡੇ ਸਾਰੇ ਗੁਰੂ ਸਾਹਿਬਾਨ ਨੇ ਸਾਰੀਆਂ ਜਾਤ-ਪਾਤ ਅਤੇ ਭੇਦਭਾਵ ਨੂੰ  ਖ਼ਤਮ ਕਰਨ ਦਾ ਕੰਮ ਕੀਤਾ ਸੀ। ਉਨਾਂ ਕਿਹਾ ਕਿ ਪੰਜਾਬ ਦੇ ਲੋਕ ਆਪਸੀ ਭਾਈਚਾਰਕ ਸਾਂਝ ਨੂੰ ਕਦੇ ਵੀ ਨਹੀਂ ਟੁੱਟਣ ਦੇਣਗੇ ਅਤੇ ਸ਼ਰਾਰਤੀ ਅਨਸਰਾਂ ਨੂੰ ਇਸਦਾ ਮੂੰਹ ਤੋੜ ਜਵਾਬ ਦੇਣਗੇ। ਉਨਾਂ ਕਿਹਾ ਕਿ ਡਾ. ਅੰਬੇਡਕਰ ਜੀ ਨੇ ਸਾਨੂੰ ਆਪਸੀ ਭਾਈਚਾਰਕ ਸਾਂਝ ਦਾ ਸੰਦੇਸ਼ ਦਿੱਤਾ ਸੀ ਅਤੇ ਇਸ ਸਾਂਝ ਨੂੰ ਕਦੇ ਵੀ ਖ਼ਤਮ ਨਹੀਂ ਹੋਣ ਦਿੱਤਾ ਜਾਵੇਗਾ।

                ਇਸ ਮੌਕੇ ਕੈਬਨਿਟ ਮੰਤਰੀ ਸ: ਧਾਲੀਵਾਲ ਅਤੇ ਸ: ਈ.ਟੀ.ਓ. ਨੇ ਵੀ ਇਸ ਘਟਨਾ ਦੀ ਸਖ਼ਤ  ਨਿਖੇਧੀ ਕੀਤੀ ਅਤੇ ਬਾਬਾ ਸਾਹਿਬ ਦੇ ਪੈਰੋਕਾਰਾਂ ਨੂੰ ਸਾਂਤ ਰਹਿਣ ਦੀ ਅਪੀਲ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਇਸ ਸਾਜਿਸ਼ ਨੂੰ ਬੇਨਕਾਬ ਕਰ ਕੇ ਰਹੇਗੀ। ਉਨਾਂ ਕਿਹਾ ਕਿ ਇਹ ਸਮਾਂ ਦਿਮਾਗ ਤੋਂ ਕੰਮ ਲੈਣ ਦਾ ਹੈ ਅਤੇ ਬਾਬਾ ਸਾਹਿਬ ਦੇ ਪੈਰੋਕਾਰ ਜ਼ਜਬਾਤ ਵਿੱਚ ਆ ਕੇ ਕੋਈ ਗਲ਼ਤ ਕਦਮ ਨਾ ਉਠਾਉਣ।

                ਇਸ ਮੌਕੇ ਮੈਡਮ ਸੋਨੀਆ ਮਾਨਸਤਪਾਲ ਸੋਖੀਸ: ਅਰਵਿੰਦਰ ਸਿੰਘ ਭੱਟੀ  ਤੋਂ ਇਲਾਵਾ ਵੱਡੀ ਗਿਣਤੀ ਵਿੱਚ ਬਾਬਾ ਸਾਹਿਬ ਦੇ ਪੈਰੋਕਾਰ ਹਾਜ਼ਰ ਸਨ।

ਸੰਤ ਬਾਬਾ ਸੇਵਾ ਸਿੰਘ ਜੀ ਕਾਰ ਸੇਵਾ ਕਿਲ੍ਹਾ ਅਨੰਦਗੜ੍ਹ ਸਾਹਿਬ ਦੀ 43ਵੀਂ ਬਰਸੀ ਸਮਾਗਮ ਮੌਕੇ ਸਵੈ ਇਛੱਕ ਖੂਨਦਾਨ ਕੈਂਪ ਅਤੇ ਫਰੀ ਮੈਡੀਕਲ ਚੈੱਕ ਕੈਂਪ

ਸੰਤ ਬਾਬਾ ਸੇਵਾ ਸਿੰਘ ਜੀ ਕਾਰ ਸੇਵਾ ਕਿਲ੍ਹਾ ਅਨੰਦਗੜ੍ਹ ਸਾਹਿਬ ਦੀ 43ਵੀਂ ਬਰਸੀ ਸਮਾਗਮ ਮੌਕੇ ਸਵੈ ਇਛੱਕ ਖੂਨਦਾਨ ਕੈਂਪ ਅਤੇ ਫਰੀ ਮੈਡੀਕਲ ਚੈੱਕ ਕੈਂਪ
ਬੰਗਾ 27 ਜਨਵਰੀ ()  ਸੇਵਾ ਦੇ ਪੁੰਜ ਸੰਤ ਬਾਬਾ ਸੇਵਾ ਸਿੰਘ ਜੀ ਕਾਰ ਸੇਵਾ ਕਿਲ੍ਹਾ ਅਨੰਦਗੜ੍ਹ ਸਾਹਿਬ, ਅਨੰਦਪੁਰ ਸਾਹਿਬ ਦੀ 43ਵੀਂ ਬਰਸੀ ਮੌਕੇ ਬਾਬਾ ਜੀ ਦੀ ਨਿੱਘੀ ਅਤੇ ਮਿੱਠੀ ਯਾਦ ਨੂੰ ਸਮਰਪਿਤ ਸਵੈਇੱਛਕ ਖੂਨਦਾਨ ਕੈਂਪ ਅਤੇ ਫਰੀ ਮੈਡੀਕਲ ਕੈਂਪ ਗੁਰੂ ਗੋਬਿੰਦ ਸਿੰਘ ਜੀ ਲੋਹ ਲੰਗਰ ਸਟੋਰ, ਪਿੰਡ ਨੌਰਾ ਵਿਖੇ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵੱਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਲਗਾਇਆ ਗਿਆ । ਮੈਡੀਕਲ ਅਤੇ ਖੂਨਦਾਨ ਕੈਂਪ ਦਾ ਉਦਘਾਟਨ ਸੰਤ ਬਾਬਾ ਸੁੱਚਾ ਸਿੰਘ ਜੀ,  ਸੰਤ ਬਾਬਾ ਸਤਨਾਮ ਸਿੰਘ ਜੀ ਕਾਰ ਸੇਵਾ ਕਿਲ੍ਹਾ ਅਨੰਦਗੜ੍ਹ ਸਾਹਿਬ ਨੇ ਕੀਤਾ। ਉਹਨਾਂ ਨੇ ਸੰਗਤਾਂ ਨੂੰ ਮਾਨਵਤਾ ਦੀ ਸੇਵਾ ਲਈ ਖੂਨਦਾਨ ਕਰਨ ਲਈ ਅਪੀਲ ਕੀਤੀ ਅਤੇ ਖੂਨਦਾਨੀਆਂ ਨੂੰ ਯਾਦਚਿੰਨ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਵੀ ਕੀਤਾ । ਫਰੀ ਮੈਡੀਕਲ ਕੈਂਪ ਵਿਚ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਮਾਹਿਰ ਡਾਕਟਰ ਸਾਹਿਬਾਨ ਵਲੋਂ ਮਰੀਜ਼ਾਂ ਦਾ ਮੁਫਤ ਮੈਡੀਕਲ ਚੈੱਕਐੱਪ ਕੀਤਾ ਗਿਆ । ਮਰੀਜ਼ਾਂ ਨੂੰ ਫਰੀ ਦਵਾਈਆਂ ਪ੍ਰਦਾਨ ਕੀਤੀਆਂ ਗਈਆਂ ਅਤੇ ਸ਼ੂਗਰ ਟੈਸਟ ਵੀ ਕੀਤਾ ਗਿਆ । ਬਾਬਾ ਜੀ ਦੀ ਨਿੱਘੀ ਅਤੇ ਮਿੱਠੀ ਯਾਦ ਨੂੰ ਸਮਰਪਿਤ ਖੂਨਦਾਨ ਕੈਂਪ ਅਤੇ ਫਰੀ ਮੈਡੀਕਲ ਕੈਂਪ  ਵਿਚ ਇਸ ਮੌਕੇ ਸੰਤ ਬਾਬਾ ਗੁਰਬਚਨ ਸਿੰਘ ਜੀ ਪਠਲਾਵੇ ਵਾਲੇ,  ਨਿਰਮਲ ਸਿੰਘ ਪੁੱਤਰ ਸੰਤ ਬਾਬਾ ਸੇਵਾ ਸਿੰਘ ਜੀ,  ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ, ਮਲਕੀਅਤ ਸਿੰਘ ਬਾਹੜੋਵਾਲ ਸਾਬਕਾ ਪ੍ਰਧਾਨ, ਦਰਸ਼ਨ ਸਿੰਘ ਮਾਹਿਲ ਕੈਨੇਡਾ ਸੀਨੀਅਰ ਮੈਂਬਰ ਟਰੱਸਟ,  ਬਾਬਾ ਜਰਨੈਲ ਸਿੰਘ, ਪਰਮਜੀਤ ਸਿੰਘ ਯੂ ਕੇ, ਜਰਨੈਲ ਸਿੰਘ, ਧਨਵੰਤ ਸਿੰਘ, ਸੁਖਜਿੰਦਰ ਸਿੰਘ ਪੰਚ, ਸਤਵਿੰਦਰ ਸਿੰਘ ਰਾਜੂ (ਸਾਰੇ ਪੋਤਰੇ ਸੰਤ ਬਾਬਾ ਸੇਵਾ ਸਿੰਘ ਜੀ), ਦਰਸ਼ਨ ਸਿੰਘ ਗੁਰਮ ਯੂ ਕੇ,  ਸਤਵੀਰ ਸਿੰਘ ਪੱਲੀ ਝੱਕੀ,  ਜਰਨੈਲ ਸਿੰਘ ਪੱਲੀਝਿੱਕੀ,  ਭਾਈ ਜੋਗਾ ਸਿੰਘ, ਡਾ. ਕੁਲਦੀਪ ਸਿੰਘ, ਡਾ, ਮਨਦੀਪ ਕੌਰ, ਮਨਜੀਤ ਸਿੰਘ ਬੇਦੀ ਇੰਚਾਰਜ ਬਲੱਡ ਬੈਂਕ  ਤੋਂ ਇਲਾਵਾ ਸਮੂਹ ਸੰਤਾ ਦਾ ਪਰਿਵਾਰ, ਗ੍ਰਾਮ ਪੰਚਾਇਤ ਨੌਰਾ ਅਤੇ ਇਲਾਕਾ ਨਿਵਾਸੀ ਸੰਗਤਾਂ ਸ਼ਾਮਿਲ ਹੋਈਆਂ ।
ਤਸਵੀਰ : ਪਿੰਡ ਨੌਰਾ ਵਿਖੇ ਸੰਤ ਬਾਬਾ ਸੇਵਾ ਸਿੰਘ ਜੀ ਕਾਰ ਸੇਵਾ ਕਿਲ੍ਹਾ ਅਨੰਦਗੜ੍ਹ ਸਾਹਿਬ ਦੀ 43ਵੀਂ ਬਰਸੀ ਸਮਾਗਮ ਮੌਕੇ ਲੱਗੇ ਮੈਡੀਕਲ ਕੈਂਪ ਅਤੇ ਖੂਨਦਾਨ ਕੈਂਪ ਦਾ ਉਦਘਾਟਨ ਕਰਦੇ ਹੋਏ ਸੰਤ ਬਾਬਾ ਸੁੱਚਾ ਸਿੰਘ ਜੀ, ਸੰਤ ਬਾਬਾ ਸਤਨਾਮ ਸਿੰਘ ਜੀ ਕਾਰ ਸੇਵਾ ਕਿਲ੍ਹਾ ਅਨੰਦਗੜ੍ਹ ਸਾਹਿਬ ਨਾਲ ਹਨ  ਹੋਰ ਸੰਤ ਮਹਾਂਪੁਰਸ਼ ਅਤੇ ਪਤਵੰਤੇ ਸੱਜਣ

ਪੰਜਾਬ ਦੀ ਅਮਨ-ਸ਼ਾਂਤੀ, ਤਰੱਕੀ ਅਤੇ ਖੁਸ਼ਹਾਲੀ ਦੀਆਂ ਦੁਸ਼ਮਣ ਤਾਕਤਾਂ ਨੂੰ ਮੂੰਹ ਤੋੜਵਾਂ ਜਵਾਬ ਦੇਵਾਂਗੇ-ਮੁੱਖ ਮੰਤਰੀ


-ਗਣਤੰਤਰ ਦਿਵਸ ਮੌਕੇ ਪਟਿਆਲਾ ਵਿਖੇ ਲਹਿਰਾਇਆ ਕੌਮੀ ਤਿਰੰਗਾ

-ਪੰਜਾਬ ਦੀ ਸ਼ਾਂਤੀ, ਫਿਰਕੂ ਸਦਭਾਵਨਾ, ਏਕਤਾ ਤੇ ਭਾਈਚਾਰਕ ਸਾਂਝ ਦੀ ਰਾਖੀ ਲਈ ਲੋਕਾਂ ਦਾ ਸਹਿਯੋਗ ਮੰਗਿਆ

-ਫਿਰਕੂ ਬਿਖੇੜਾ ਖੜ੍ਹਾ ਕਰਨ ਦੀ ਤਾਕ ਵਿੱਚ ਪੰਜਾਬ ਵਿਰੋਧੀ ਅਨਸਰਾਂ ਦੇ ਮਨਸੂਬੇ ਸਫਲ ਨਹੀਂ ਹੋਣ ਦਿਆਂਗੇ

-ਪੰਜਾਬ ਤੇ ਪੰਜਾਬੀਆਂ ਪ੍ਰਤੀ ਮਤਰੇਈ ਮਾਂ ਵਾਲੇ ਸਲੂਕ ਅਪਣਾਉਣ ਲਈ ਕੇਂਦਰ ਦੀ ਸਖ਼ਤ ਅਲੋਚਨਾ

-ਦੇਸ਼ ਦਾ ਢਿੱਡ ਭਰਨ ਵਾਲੇ ਅੰਨਦਾਤੇ ਨੂੰ ਆਪਣੀਆਂ ਮੰਗਾਂ ਮਨਵਾਉਣ ਖਾਤਰ ਮਰਨ ਵਰਤ ਦਾ ਰਾਹ ਅਪਨਾਉਣਾ ਪੈ ਰਿਹਾ

ਪਟਿਆਲਾ, 26 ਜਨਵਰੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਦੀਆਂ ਦੁਸ਼ਮਣ ਤਾਕਤਾਂ ਨੂੰ ਮੂੰਹ ਤੋੜਵਾਂ ਜਵਾਬ ਦੇਣ ਦਾ ਅਹਿਦ ਲੈਂਦਿਆਂ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ਅਮਨ-ਸ਼ਾਂਤੀ, ਫਿਰਕੂ ਸਦਭਾਵਨਾ, ਏਕਤਾ ਅਤੇ ਭਾਈਚਾਰਕ ਸਾਂਝ ਵਿੱਚ ਵਿਘਨ ਪਾਉਣ ਦੇ ਮਨਸੂਬੇ ਕਿਸੇ ਵੀ ਕੀਮਤ 'ਤੇ ਸਫਲ ਨਹੀਂ ਹੋਣ ਦਿੱਤੇ ਜਾਣਗੇ।

ਅੱਜ ਇੱਥੋਂ ਦੇ ਪੋਲੋ ਗਰਾਊਂਡ ਵਿਖੇ 76ਵੇਂ ਗਣਤੰਤਰ ਦਿਵਸ ਮੌਕੇ ਸਮਾਗਮ ਦੌਰਾਨ ਕੌਮੀ ਤਿਰੰਗਾ ਲਹਿਰਾਉਣ ਤੋਂ ਬਾਅਦ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਗੁਰੂਆਂ, ਪੀਰਾਂ-ਪੈਗੰਬਰਾਂ, ਸੰਤਾਂ-ਮਹਾਂਪੁਰਸ਼ਾਂ ਅਤੇ ਸ਼ਹੀਦਾਂ ਦੀ ਧਰਤੀ ਹੈ ਜੋ ਹਮੇਸ਼ਾ ਭਾਈਚਾਰਕ ਸਾਂਝ ਅਤੇ ਫਿਰਕੂ ਸਦਭਾਵਨਾ ਦੀਆਂ ਮਹਾਨ ਕਦਰਾਂ-ਕੀਮਤਾਂ ਲਈ ਮਾਨਵਤਾ ਦਾ ਮਾਰਗਦਰਸ਼ਨ ਕਰਦੀ ਹੈ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਬਹੁਤ ਘਾਲਣਾ ਘਾਲ ਕੇ ਅਮਨ-ਸ਼ਾਂਤੀ ਹਾਸਲ ਕੀਤੀ ਹੈ ਅਤੇ ਉਨ੍ਹਾਂ ਦੀ ਸਰਕਾਰ ਕਿਸੇ ਨੂੰ ਵੀ ਸ਼ਾਂਤੀ ਭੰਗ ਕਰਨ ਹਰਗਿਜ਼ ਇਜਾਜ਼ਤ ਨਹੀਂ ਦੇਵੇਗੀ।

ਭਗਵੰਤ ਸਿੰਘ ਮਾਨ ਨੇ ਇਸ ਨੇਕ ਕਾਰਜ ਲਈ ਲੋਕਾਂ ਦੇ ਸਹਿਯੋਗ ਦੀ ਮੰਗ ਕੀਤੀ ਤਾਂ ਕਿ ਸੂਬੇ ਦੀ ਸ਼ਾਂਤੀ, ਤਰੱਕੀ ਤੇ ਖੁਸ਼ਹਾਲੀ ਨੂੰ ਲੀਹੋਂ ਲਾਉਣ ਦੀ ਸਾਜ਼ਿਸ਼ ਘੜਨ ਵਾਲੇ ਦੁਸ਼ਮਣ ਨੂੰ ਠੋਕਵਾਂ ਜਵਾਬ ਦਿੱਤਾ ਜਾ ਸਕੇ। ਮੁੱਖ ਮੰਤਰੀ ਨੇ ਫੁੱਟ ਪਾਊ ਤਾਕਤਾਂ ਨੂੰ ਤਾੜਨਾ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਫਿਰਕੂ ਪਾੜਾ ਪਾਉਣ ਦੇ ਮਨਸੂਬੇ ਕਿਸੇ ਵੀ ਕੀਮਤ ਉਤੇ ਸਿਰੇ ਨਹੀਂ ਚੜ੍ਹਨ ਦਿਆਂਗੇ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਸਮਾਜਿਕ ਸਾਂਝ ਦੀਆਂ ਜੜ੍ਹਾਂ ਏਨੀਆਂ ਡੂੰਘੀਆਂ ਤੇ ਮਜ਼ਬੂਤ ਹਨ ਕਿ ਸੂਬੇ ਦੀ ਜਰਖੇਜ਼ ਜ਼ਮੀਨ ਵਿੱਚ ਕੁਝ ਵੀ ਪੈਦਾ ਕੀਤਾ ਜਾ ਸਕਦਾ ਪਰ ਇੱਥੇ ਨਫ਼ਰਤ ਦੇ ਬੀਜ ਨਹੀਂ ਪੁੰਗਰ ਸਕਦੇ।

ਭਗਵੰਤ ਸਿੰਘ ਮਾਨ ਨੇ ਕਿਹਾ ਕਿ ਭਾਵੇਂ ਕਿ ਸੂਬੇ ਵਿੱਚ ਵੱਡੇ ਯਤਨਾਂ ਨਾਲ ਹਾਸਲ ਕੀਤੀ ਅਮਨ-ਸ਼ਾਂਤੀ ਵਿੱਚ ਕੁਝ ਲੋਕ ਵਿਘਨ ਪਾਉਣ ਦੀਆਂ ਕੋਝੀਆਂ ਚਾਲਾਂ ਚੱਲ ਰਹੇ ਹਨ ਪਰ ਇਸ ਦੇ ਜਵਾਬ ਵਿੱਚ ਸਗੋਂ ਪੰਜਾਬੀਆਂ ਨੇ ਆਪਸੀ ਮਿਲਵਰਤਣ, ਸਦਭਾਵਨਾ ਤੇ ਏਕਤਾ ਦੀਆਂ ਤੰਦਾਂ ਨੂੰ ਹੋਰ ਮਜ਼ਬੂਤ ਕੀਤਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਭਾਰਤ ਰਤਨ ਬਾਬਾ ਸਾਹਿਬ ਡਾ. ਬੀ.ਆਰ. ਅੰਬੇਦਕਰ ਦੀ ਅਗਵਾਈ ਵਿੱਚ ਸਾਡੇ ਪੁਰਖਿਆਂ ਵੱਲੋਂ ਤਿਆਰ ਕੀਤਾ ਸੰਵਿਧਾਨ ਸਾਲ 1950 ਵਿੱਚ ਅੱਜ ਦੇ ਦਿਨ ਲਾਗੂ ਹੋਣ ਨਾਲ ਭਾਰਤ ਪ੍ਰਭੂਸੱਤਾ ਸੰਪੰਨ, ਸਮਾਜਵਾਦੀ, ਜਮਹੂਰੀ ਅਤੇ ਧਰਮ ਨਿਰਪੱਖ ਗਣਰਾਜ ਬਣਿਆ। ਉਨ੍ਹਾਂ ਕਿਹਾ ਕਿ ਇਹ ਸਾਡੇ ਸਾਰਿਆਂ ਲਈ ਸੱਚਮੁੱਚ ਮਾਣ ਵਾਲੇ ਪਲ ਸਨ ਕਿਉਂਕਿ ਸਾਨੂੰ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਦੀ ਤਾਕਤ ਮਿਲੀ, ਜਿਸ ਨਾਲ ਸਾਡੇ ਵਡੇਰਿਆਂ ਵੱਲੋਂ 'ਲੋਕਾਂ ਦੀ, ਲੋਕਾਂ ਲਈ ਅਤੇ ਲੋਕਾਂ ਦੁਆਰਾ` ਸਰਕਾਰ ਦਾ ਦੇਖਿਆ ਸੁਪਨਾ ਪੂਰਾ ਕਰਨ ਦਾ ਮੌਕਾ ਮਿਲਿਆ।

ਮੁੱਖ ਮੰਤਰੀ ਨੇ ਕਿਹਾ ਕਿ ਪਿਛਲੇ 75 ਸਾਲਾਂ ਦੌਰਾਨ ਹਰ ਲੰਘਦੇ ਦਿਨ ਨਾਲ ਦੇਸ਼ ਵਿੱਚ ਜਮਹੂਰੀਅਤ ਮਜ਼ਬੂਤ ਹੋਈ ਹੈ ਕਿਉਂਕਿ ਦੇਸ਼ ਵਾਸੀਆਂ ਨੇ ਜਮਹੂਰੀ ਕਦਰਾਂ-ਕੀਮਤਾਂ ਵਿੱਚ ਅਟੁੱਟ ਵਿਸ਼ਵਾਸ ਦਾ ਪ੍ਰਗਟਾਵਾ ਕੀਤਾ ਅਤੇ ਬਿਨਾਂ ਕਿਸੇ ਭੈਅ ਦੇ ਮਤਦਾਨ ਕਰ ਕੇ ਸਪੱਸ਼ਟ ਫੈਸਲਾ ਦਿੱਤਾ। ਇਸ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਭਾਰਤੀਆਂ ਖ਼ਾਸ ਕਰ ਕੇ ਪੰਜਾਬੀਆਂ ਨੇ ਦੇਸ਼ ਦੀ ਸਖ਼ਤ ਮਿਹਨਤ ਨਾਲ ਹਾਸਲ ਕੀਤੀ ਪ੍ਰਭੂਸੱਤਾ ਨੂੰ ਕਿਸੇ ਵੀ ਤਰ੍ਹਾਂ ਦੇ ਖ਼ਤਰੇ ਦਾ ਡਟ ਕੇ ਸਾਹਮਣਾ ਕੀਤਾ ਹੈ। ਉਨ੍ਹਾਂ ਕਿਹਾ ਕਿ ਸਾਡੇ ਬਹਾਦਰ ਦੇਸ਼ ਭਗਤਾਂ ਨੇ ਦੇਸ਼ ਦੀ ਸ਼ਾਨ ਅਤੇ ਪ੍ਰਭੂਸੱਤਾ ਦੀ ਰਾਖੀ ਲਈ 1947, 1962, 1965, 1971 ਦੀ ਜੰਗ ਅਤੇ ਫਿਰ ਕਾਰਗਿਲ ਜੰਗ ਦੌਰਾਨ ਦੇਸ਼ ਦੀ ਰਾਖੀ ਕਰਨ ਲਈ ਮਹਾਨ ਕੁਰਬਾਨੀਆਂ ਦਿੱਤੀਆਂ ਹਨ।

ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸਾਡੇ ਸਾਰਿਆਂ ਲਈ ਇਹ ਬਹੁਤ ਹੀ ਮਾਣ ਅਤੇ ਤਸੱਲੀ ਵਾਲੀ ਗੱਲ ਹੈ ਕਿ ਪੰਜਾਬੀਆਂ ਨੂੰ ਸਾਡੇ ਮਹਾਨ ਸਿੱਖ ਗੁਰੂਆਂ ਤੋਂ ਬਲੀਦਾਨ ਅਤੇ ਦੇਸ਼ ਭਗਤੀ ਦਾ ਅਦੁੱਤੀ ਜਜ਼ਬਾ ਵਿਰਸੇ ਵਿਚ ਮਿਲਿਆ ਹੈ, ਜਿਨ੍ਹਾਂ ਨੇ ਸਾਨੂੰ ਜਬਰ, ਜ਼ੁਲਮ ਅਤੇ ਅਨਿਆਂ ਵਿਰੁੱਧ ਲੜਨ ਦਾ ਉਪਦੇਸ਼ ਦਿੱਤਾ ਹੈ। ਇਕ ਸੁਤੰਤਰ ਅਤੇ ਪ੍ਰਭੂਸੱਤਾ ਸੰਪੰਨ ਭਾਰਤੀ ਗਣਰਾਜ ਦਾ ਸਾਡੇ ਵੱਡੇ-ਵਡੇਰਿਆਂ ਵੱਲੋਂ ਦੇਖਿਆ ਗਿਆ ਸੁਪਨਾ ਦੇਸ਼ ਵਾਸੀਆਂ ਵੱਲੋਂ ਸ਼ਕਤੀਸ਼ਾਲੀ ਬਰਤਾਨਵੀ ਸਾਮਰਾਜ ਵਿਰੁੱਧ ਲੜਾਈ ਦੌਰਾਨ ਦਿੱਤੀਆਂ ਗਈਆਂ ਬੇਸ਼਼ੁਮਾਰ ਕੁਰਬਾਨੀਆਂ ਸਦਕਾ ਪੂਰਾ ਹੋਇਆ।

ਭਗਵੰਤ ਸਿੰਘ ਮਾਨ ਨੇ ਕਿਹਾ ਕਿ ਭਾਰਤ ਦੇ ਕੌਮੀ ਸੁਤੰਤਰਤਾ ਸੰਗਰਾਮ ਵਿੱਚ ਪੰਜਾਬੀਆਂ ਵੱਲੋਂ ਦਿੱਤੀਆਂ ਬੇਮਿਸਾਲ ਕੁਰਬਾਨੀਆਂ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਮੁੱਖ ਮੰਤਰੀ ਨੇ ਕਿਹਾ ਕਿ ਦੇਸ਼ ਦੇ ਹਜ਼ਾਰਾਂ ਅਣਗੌਲੇ ਨਾਇਕਾਂ ਖ਼ਾਸ ਕਰ ਕੇ ਪੰਜਾਬ ਦੀ ਧਰਤੀ ਦੇ ਸਪੂਤਾਂ ਵੱਲੋਂ ਸੁਤੰਤਰਤਾ ਸੰਗਰਾਮ ਵਿੱਚ ਪਾਇਆ ਮੋਹਰੀ ਯੋਗਦਾਨ ਕਿਸੇ ਤੋਂ ਲੁਕਿਆ ਨਹੀਂ ਹੈ। ਇਸ ਬਹਾਦਰੀ ਨੇ ਲੱਖਾਂ ਹੋਰ ਲੋਕਾਂ ਨੂੰ ਆਜ਼ਾਦੀ ਅੰਦੋਲਨ ਵਿੱਚ ਸ਼ਾਮਲ ਹੋਣ ਲਈ ਪ੍ਰੇਰਿਆ।

ਉਨ੍ਹਾਂ ਕਿਹਾ ਕਿ ਮੁਲਕ ਦੀ ਆਬਾਦੀ ਦਾ ਸਿਰਫ਼ ਦੋ ਫੀਸਦੀ ਹੋਣ ਦੇ ਬਾਵਜੂਦ ਭਾਰਤ ਦੇ ਸੁਤੰਤਰਤਾ ਸੰਗਰਾਮ ਦੌਰਾਨ 80 ਫੀਸਦੀ ਕੁਰਬਾਨੀਆਂ ਜਾਂ ਜਲਾਵਤਨੀ ਪੰਜਾਬੀਆਂ ਦੇ ਹਿੱਸੇ ਆਈ। ਉਨ੍ਹਾਂ ਕਿਹਾ ਕਿ ਦੇਸ਼ ਦੀ ਆਜ਼ਾਦੀ ਲਈ ਚੱਲੀਆਂ ਕੂਕਾ, ਗ਼ਦਰ, ਕਿਸਾਨ, ਪਗੜੀ ਸੰਭਾਲ ਤੇ ਹੋਰ ਲਹਿਰਾਂ ਤੋਂ ਇਲਾਵਾ ਪੰਜਾਬ ਦੀ ਧਰਤੀ ਨੇ ਲਾਲਾ ਲਾਜਪਤ ਰਾਏ, ਦੀਵਾਨ ਸਿੰਘ ਕਾਲੇਪਾਣੀ ਅਤੇ ਹੋਰ ਸਪੂਤਾਂ ਨੂੰ ਜਨਮ ਦਿੱਤਾ, ਜਿਨ੍ਹਾਂ ਮੁਲਕ ਨੂੰ ਬਰਤਾਨਵੀ ਸਾਮਰਾਜ ਦੀਆਂ ਗੁਲਾਮੀ ਦੀਆਂ ਜੰਜ਼ੀਰਾਂ ਤੋਂ ਆਜ਼ਾਦ ਕਰਵਾਇਆ।

ਮੁੱਖ ਮੰਤਰੀ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ, ਸ਼ਹੀਦ ਰਾਜਗੁਰੂ, ਸ਼ਹੀਦ ਸੁਖਦੇਵ, ਸ਼ਹੀਦ ਊਧਮ ਸਿੰਘ ਅਤੇ ਕਰਤਾਰ ਸਿੰਘ ਸਰਾਭਾ ਦੀਆਂ ਕੁਰਬਾਨੀਆਂ ਨੇ ਨੌਜਵਾਨਾਂ ਵਿੱਚ ਬਰਤਾਨਵੀ ਸਾਮਰਾਜ ਵਿਰੁੱਧ ਜੂਝਣ ਦੀ ਚਿਣਗ ਲਾਈ। ਇਸੇ ਤਰ੍ਹਾਂ ਜੱਲ੍ਹਿਆਂਵਾਲਾ ਬਾਗ਼ ਦਾ ਦੁਖਾਂਤ ਜਾਬਰ ਬਰਤਾਨਵੀ ਰਾਜ ਦੇ ਕਫ਼ਨ ਵਿੱਚ ਆਖ਼ਰੀ ਕਿੱਲ ਸਾਬਤ ਹੋਇਆ। ਉਨ੍ਹਾਂ ਕਿਹਾ ਕਿ ਆਜ਼ਾਦੀ ਤੋਂ ਬਾਅਦ ਬਾਹਰੀ ਹਮਲਿਆਂ ਤੋਂ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਤੋਂ ਇਲਾਵਾ ਪੰਜਾਬੀ ਹਮੇਸ਼ਾ ਦੇਸ਼ ਦੀ ਖ਼ੁਸ਼ਹਾਲੀ ਤੇ ਸਮੁੱਚੇ ਵਿਕਾਸ ਵਿੱਚ ਮੋਹਰੀ ਭੂਮਿਕਾ ਵਿੱਚ ਰਹੇ।

ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸੰਕਟ ਦੇ ਸਮੇਂ ਵੀ ਅਸੀਂ ਬਹਾਦਰ ਪੰਜਾਬੀਆਂ ਨੇ ਕਦੇ ਪਿੱਠ ਨਹੀਂ ਦਿਖਾਈ, ਸਗੋਂ ਦੇਸ਼ ਦੇ ਸੰਵਿਧਾਨ ਵਿੱਚ ਪੂਰਨ ਵਿਸ਼ਵਾਸ ਰੱਖ ਕੇ ਜਮਹੂਰੀ ਕਦਰਾਂ-ਕੀਮਤਾਂ ਨੂੰ ਮਜ਼ਬੂਤ ਕੀਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਕਿਸਾਨਾਂ ਨੇ ਸੂਬੇ ਦੇ ਸੀਮਤ ਕੁਦਰਤੀ ਸਰੋਤਾਂ ਦੇ ਬਾਵਜੂਦ ਦੇਸ਼ ਨੂੰ ਅਨਾਜ ਉਤਪਾਦਨ ਵਿੱਚ ਆਤਮ ਨਿਰਭਰ ਬਣਾਉਣ ਲਈ ਆਪਣਾ ਖ਼ੂਨ-ਪਸੀਨਾ ਵਹਾਇਆ ਹੈ। ਉਨ੍ਹਾਂ ਯਾਦ ਦਿਵਾਇਆ ਕਿ ਜਦੋਂ ਆਜ਼ਾਦੀ ਦੇ ਸਮੇਂ ਪੂਰਾ ਦੇਸ਼ ਖੁਸ਼ੀ ਮਨਾ ਰਿਹਾ ਸੀ ਤਾਂ ਉਸ ਵੇਲੇ ਸਰਹੱਦੀ ਸੂਬਾ ਹੋਣ ਕਰਕੇ ਪੰਜਾਬ ਵੰਡ ਦਾ ਸੰਤਾਪ ਝੱਲ ਰਿਹਾ ਸੀ।

ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਹਿੰਸਕ ਵੰਡ ਦੇ ਭਿਆਨਕ ਦੌਰ ਵਿੱਚੋਂ ਲੰਘਿਆ ਜਿਸ ਵਿੱਚ ਲੱਖਾਂ ਪੰਜਾਬੀਆਂ ਨੇ ਆਪਣੀਆਂ ਜਾਨਾਂ ਗੁਆ ਦਿੱਤੀਆਂ, ਬੇਘਰ ਹੋ ਗਏ ਅਤੇ ਬਹੁਤ ਸਾਰੇ ਲੋਕਾਂ ਨੇ ਆਪਣੀਆਂ ਜ਼ਮੀਨਾਂ ਅਤੇ ਜਾਇਦਾਦਾਂ ਗੁਆ ਦਿੱਤੀਆਂ। ਹਾਲਾਂਕਿ, ਮੁੱਖ ਮੰਤਰੀ ਨੇ ਦੁੱਖ ਪ੍ਰਗਟ ਕੀਤਾ ਕਿ ਆਜ਼ਾਦੀ ਤੋਂ ਬਾਅਦ ਪਿਛਲੇ ਸਾਢੇ ਸੱਤ ਦਹਾਕਿਆਂ ਤੋਂ ਵੱਧ ਸਮੇਂ ਵਿੱਚ ਪੰਜਾਬ ਨੂੰ ਕੇਂਦਰ ਦੀਆਂ ਸਰਕਾਰਾਂ ਦੀਆਂ ਪੱਖਪਾਤੀ ਤੇ ਮਾਰੂ ਨੀਤੀਆਂ ਕਾਰਨ ਵਿਤਕਰੇ ਦਾ ਸਾਹਮਣਾ ਕਰਨਾ ਪਿਆ ਹੈ। ਉਨ੍ਹਾਂ ਕਿਹਾ ਕਿ ਇਹ ਬਹੁਤ ਮੰਦਭਾਗਾ ਹੈ ਕਿ ਦੇਸ਼ ਨੂੰ ਅਨਾਜ ਉਤਪਾਦਨ ਵਿੱਚ ਆਤਮ-ਨਿਰਭਰ ਬਣਾਉਣ ਵਾਲੇ ਅਨਾਜ ਉਤਪਾਦਕਾਂ ਨੂੰ ਅੱਜ ਦੇ ਦਿਨ ਵੀ ਅੰਦੋਲਨ ਕਰਨ ਲਈ ਮਜਬੂਰ ਹੋਣਾ ਪਿਆ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੇ ਨਾਂਹ-ਪੱਖੀ ਰਵੱਈਏ ਕਾਰਨ ਦੇਸ਼ ਦੇ ਅੰਨਦਾਤਿਆਂ ਨੂੰ ਆਪਣੀਆਂ ਮੰਗਾਂ ਪੂਰੀਆਂ ਕਰਵਾਉਣ ਲਈ ਮਰਨ ਵਰਤ ਵਰਗਾ ਮੰਦਭਾਗਾ ਕਦਮ ਚੁੱਕਣਾ ਪੈਂਦਾ ਹੈ।

ਭਗਵੰਤ ਸਿੰਘ ਮਾਨ ਨੇ ਕਿਹਾ ਕਿ ਟਰੈਕਟਰ, ਜੋ ਕਿ 'ਖੇਤਾਂ ਦਾ ਰਾਜਾ' ਹੈ, ਨੂੰ ਕੇਂਦਰ ਸਰਕਾਰ ਦੇ ਬੇਰਹਿਮ ਰਵੱਈਏ ਕਾਰਨ ਖੇਤਾਂ ਵਿੱਚ ਅਨਾਜ ਪੈਦਾ ਕਰਨ ਦੀ ਬਜਾਏ ਦਿੱਲੀ ਦੀਆਂ ਸੜਕਾਂ ਵੱਲ ਦੌੜਨਾ ਪੈਂਦਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਕੇਂਦਰ ਨੂੰ ਕਿਸਾਨਾਂ ਦੀਆਂ ਮੰਗਾਂ ਨੂੰ ਤੁਰੰਤ ਸਵਿਕਾਰ ਕਰਨਾ ਚਾਹੀਦਾ ਹੈ ਤਾਂ ਜੋ ਉਹ ਦੇਸ਼ ਦੀ ਸੇਵਾ ਹੋਰ ਚੰਗੀ ਤਰ੍ਹਾਂ ਕਰ ਸਕਣ।

ਭਗਵੰਤ ਸਿੰਘ ਮਾਨ ਨੇ ਕਿਹਾ ਕਿ ਕਿਸਾਨਾਂ ਦੀ ਦੁਰਦਸ਼ਾ ਪ੍ਰਤੀ ਕੇਂਦਰ ਸਰਕਾਰ ਦੀ ਲੰਮੀ ਚੁੱਪ ਨੇ ਸੰਵਿਧਾਨਕ ਕਦਰਾਂ-ਕੀਮਤਾਂ ਵਿੱਚ ਵਿਸ਼ਵਾਸ ਰੱਖਣ ਵਾਲੇ ਹਰੇਕ ਭਾਰਤੀ ਨੂੰ ਦੁੱਖ ਪਹੁੰਚਾਇਆ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਪੰਜਾਬ ਅਤੇ ਇਸ ਦੇ ਮਿਹਨਤਕਸ਼ ਲੋਕਾਂ ਪ੍ਰਤੀ ਮਤਰੇਈ ਮਾਂ ਵਾਲਾ ਸਲੂਕ ਬੰਦ ਕਰਨਾ ਚਾਹੀਦਾ ਹੈ। ਕੇਂਦਰ ਸਰਕਾਰ ਦੇ ਪੰਜਾਬ ਪ੍ਰਤੀ ਵਿਤਕਰੇ ਭਰੇ ਰਵੱਈਏ ਦੀ ਇਕ ਹੋਰ ਮਿਸਾਲ ਦਿੰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਸੂਬੇ ਦਾ ਆਰ.ਡੀ.ਐਫ. ਦਾ ਬਕਾਇਆ ਹਿੱਸਾ ਅਜੇ ਤੱਕ ਜਾਰੀ ਨਹੀਂ ਕੀਤਾ ਹੈ ਜੋ ਕਿ 5500 ਕਰੋੜ ਰੁਪਏ ਬਣਦਾ ਹੈ।

ਭਗਵੰਤ ਸਿੰਘ ਮਾਨ ਨੇ ਕਿਹਾ ਕਿ ਕੇਂਦਰ ਦਾ ਇਹ ਕਦਮ ਦੇਸ਼ ਦੇ ਸੰਵਿਧਾਨ ਵਿੱਚ ਦਰਜ ਦੇਸ਼ ਦੇ ਸੰਘੀ ਢਾਂਚੇ ਦੇ ਅਨੁਕੂਲ ਨਹੀਂ ਹੈ। ਉਨ੍ਹਾਂ ਕਿਹਾ ਕਿ ਸੂਬੇ ਭਿਖਾਰੀ ਨਹੀਂ ਹਨ ਅਤੇ ਉਨ੍ਹਾਂ ਨੂੰ ਤੰਗ ਕਰਨ ਦੀ ਬਜਾਏ ਕੇਂਦਰ ਦੁਆਰਾ ਉਨ੍ਹਾਂ ਨੂੰ ਫੰਡਾਂ ਦਾ ਜਾਇਜ਼ ਹਿੱਸਾ ਦਿੱਤਾ ਜਾਣਾ ਚਾਹੀਦਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਜਦੋਂ ਤੋਂ ਉਨ੍ਹਾਂ ਨੇ ਅਹੁਦਾ ਸੰਭਾਲਿਆ ਹੈ, ਉਨ੍ਹਾਂ ਦੀ ਸਰਕਾਰ ਸ਼ਹੀਦ ਭਗਤ ਸਿੰਘ ਅਤੇ ਬਾਬਾ ਸਾਹਿਬ ਡਾ. ਬੀ.ਆਰ. ਅੰਬੇਡਕਰ ਦੇ ਆਦਰਸ਼ਾਂ ਉਤੇ ਚੱਲ ਕੇ ਕੰਮ ਕਰ ਰਹੀ ਹੈ ਤਾਂ ਜੋ ਸਾਰਿਆਂ ਦੀ ਭਲਾਈ ਨੂੰ ਯਕੀਨੀ ਬਣਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਸਾਡੇ ਮਹਾਨ ਆਜ਼ਾਦੀ ਘੁਲਾਟੀਆਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਸਖ਼ਤ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਦੇ ਠੋਸ ਯਤਨਾਂ ਸਦਕਾ ਪੰਜਾਬ ਅੱਜ ਦੇਸ਼ ਵਿੱਚ ਮੋਹਰੀ ਸੂਬੇ ਵਜੋਂ ਉੱਭਰਿਆ ਹੈ ਅਤੇ ਸੂਬੇ ਵਿੱਚ ਤਰੱਕੀ, ਖੁਸ਼ਹਾਲੀ ਅਤੇ ਸ਼ਾਂਤੀ ਦਾ ਇੱਕ ਬੇਮਿਸਾਲ ਦੌਰ ਦੇਖਿਆ ਜਾ ਸਕਦਾ ਹੈ।

ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਨੇ ਕਈ ਲੋਕ-ਪੱਖੀ ਅਤੇ ਵਿਕਾਸ-ਮੁਖੀ ਪਹਿਲਕਦਮੀਆਂ ਕੀਤੀਆਂ ਹਨ ਤਾਂ ਜੋ ਇਸ ਦੇਸ਼ ਦੇ ਨਿਰਮਾਤਾਵਾਂ ਦੇ ਸੁਪਨਿਆਂ ਨੂੰ ਸਾਕਾਰ ਕੀਤਾ ਜਾ ਸਕੇ ਅਤੇ ਲੋਕ ਚੰਗਾ ਜੀਵਨ ਬਤੀਤ ਕਰ ਸਕਣ। ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ ਗਿਣਾਉਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਬਹੁਤ ਮਾਣ ਅਤੇ ਸੰਤੁਸ਼ਟੀ ਦੀ ਗੱਲ ਹੈ ਕਿ ਪੰਜਾਬ ਨਾ ਸਿਰਫ਼ ਦੇਸ਼ ਵਿੱਚ ਸਗੋਂ ਦੁਨੀਆ ਭਰ ਵਿੱਚ ਗੰਨੇ ਦਾ ਸਭ ਤੋਂ ਵੱਧ ਭਾਅ ਪ੍ਰਤੀ ਕੁਇੰਟਲ 401 ਰੁਪਏ ਦੇ ਰਿਹਾ ਹੈ ਜਿਸ ਨਾਲ ਗੰਨਾ ਉਤਪਾਦਕਾਂ ਨੂੰ ਬਹੁਤ ਲਾਭ ਹੋ ਰਿਹਾ ਹੈ।

ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਦੀ ਵਚਨਬੱਧਤਾ ਅਨੁਸਾਰ ਗੰਨੇ ਦੇ ਸਭ ਤੋਂ ਵੱਧ ਭਾਅ ਵਿੱਚ ਪੰਜਾਬ, ਦੇਸ਼ ਦੀ ਅਗਵਾਈ ਕਰਦਾ ਰਹੇਗਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਹਮੇਸ਼ਾ ਗੰਨਾ ਕਾਸ਼ਤਕਾਰਾਂ ਨੂੰ ਚੰਗਾ ਭਾਅ ਦਿੱਤਾ ਹੈ ਅਤੇ ਇਹ ਉਪਰਾਲਾ ਭਵਿੱਖ ਵਿੱਚ ਵੀ ਜਾਰੀ ਰਹੇਗਾ। ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨੇ ਦੇਸ਼ ਵਿੱਚ ਆਪਣੀ ਕਿਸਮ ਦੀ ਨਿਵੇਕਲੀ ਪਹਿਲਕਦਮੀ ਕਰਦਿਆਂ ਸਮਰਪਿਤ 'ਸੜਕ ਸੁਰੱਖਿਆ ਫੋਰਸ' ਦਾ ਗਠਨ ਕੀਤਾ ਹੈ ਜੋ ਕਿ ਰਾਜ ਅਤੇ ਰਾਸ਼ਟਰੀ ਰਾਜਮਾਰਗਾਂ 'ਤੇ ਸੁਰੱਖਿਆ ਨੂੰ ਯਕੀਨੀ ਬਣਾਉਣ ਅਤੇ ਕੀਮਤੀ ਜਾਨਾਂ ਬਚਾਉਣ ਦੀ ਡਿਊਟੀ ਨਿਭਾਉਂਦੀ ਹੈ।

ਉਨ੍ਹਾਂ ਕਿਹਾ ਕਿ ਪਿਛਲੇ ਸਾਲ ਆਪਣੀ ਸ਼ੁਰੂਆਤ ਤੋਂ ਬਾਅਦ ਇਸ ਫੋਰਸ ਨੇ ਸੜਕ ਹਾਦਸਿਆਂ ਵਿੱਚ 48 ਫੀਸਦੀ ਜਾਨਾਂ ਬਚਾਈਆਂ ਹਨ ਅਤੇ ਸੜਕ ਹਾਦਸਿਆਂ ਦੌਰਾਨ ਜ਼ਖਮੀ ਹੋਏ ਲੋਕਾਂ ਦੇ ਕੀਮਤੀ ਸਮਾਨ ਅਤੇ ਪੈਸੇ ਵਾਪਸ ਕੀਤੇ ਹਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਫੋਰਸ 4200 ਕਿਲੋਮੀਟਰ ਹਾਈਵੇਅ 'ਤੇ ਤਾਇਨਾਤ ਕੀਤੀ ਗਈ ਹੈ। ਇਹ ਫੋਰਸ ਨਿਰਧਾਰਤ ਖੇਤਰਾਂ ਵਿੱਚ ਗਸ਼ਤ ਕਰਨ ਤੋਂ ਇਲਾਵਾ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਅਤੇ ਅਜਿਹੀਆਂ ਹੋਰ ਗਤੀਵਿਧੀਆਂ ਰੋਕਣ ਲਈ ਕੰਮ ਕਰਦੀ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਲੋਕਾਂ ਨੂੰ ਮਿਆਰੀ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਸੂਬਾ ਸਰਕਾਰ ਨੇ ਪੰਜਾਬ ਭਰ ਵਿੱਚ 881 ਆਮ ਆਦਮੀ ਕਲੀਨਿਕ ਸਥਾਪਤ ਕੀਤੇ ਹਨ ਜਿਨ੍ਹਾਂ ਨੇ ਸੂਬੇ ਵਿੱਚ ਸਿਹਤ ਸੰਭਾਲ ਖੇਤਰ ਵਿੱਚ ਕ੍ਰਾਂਤੀ ਲਿਆ ਦਿੱਤੀ ਹੈ। ਉਨ੍ਹਾਂ ਕਿਹਾ ਕਿ ਹੁਣ ਤੱਕ ਸੂਬੇ ਵਿੱਚ 2.70 ਕਰੋੜ ਤੋਂ ਵੱਧ ਲੋਕ ਇਨ੍ਹਾਂ ਕਲੀਨਿਕਾਂ ਦਾ ਲਾਭ ਲੈ ਚੁੱਕੇ ਹਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸ਼ੁਰੂਆਤ ਤੋਂ ਹੀ ਇਨ੍ਹਾਂ ਕਲੀਨਿਕਾਂ ਵਿੱਚ ਵੱਡੀ ਗਿਣਤੀ ਵਿੱਚ ਲੋਕ ਰਹੇ ਹਨ ਜੋ ਦਰਸਾਉਂਦੇ ਹਨ ਕਿ ਸੂਬੇ ਦੇ ਹਰ ਤੀਜੇ ਵਿਅਕਤੀ ਨੇ ਇਨ੍ਹਾਂ ਕਲੀਨਿਕਾਂ ਦਾ ਲਾਭ ਉਠਾਇਆ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨੇ ਸਾਲ 2022 ਵਿੱਚ ਲੋਕਾਂ ਨੂੰ ਮੁਫ਼ਤ ਬਿਜਲੀ ਮੁਹੱਈਆ ਕਰਵਾਉਣ ਦੀ ਗਰੰਟੀ ਸ਼ੁਰੂ ਕੀਤੀ ਸੀ ਅਤੇ ਉਦੋਂ ਤੋਂ ਸੂਬੇ ਦੇ 90 ਫੀਸਦ ਘਰਾਂ ਨੂੰ ਮੁਫ਼ਤ ਬਿਜਲੀ ਮਿਲ ਰਹੀ ਹੈ ਅਤੇ ਉਨ੍ਹਾਂ ਨੂੰ ਜ਼ੀਰੋ ਬਿਜਲੀ ਬਿੱਲ ਮਿਲੇ ਹਨ। ਉਨ੍ਹਾਂ ਕਿਹਾ ਕਿ ਇਸ ਨਾਲ ਗਰੀਬ ਘਰਾਂ ਲਈ ਵੱਡੀ ਰਕਮ ਦੀ ਬੱਚਤ ਹੋਣ ਨਾਲ ਆਮ ਆਦਮੀ ਦੀ ਜੇਬ 'ਤੇ ਵੱਡਾ ਬੋਝ ਘਟਿਆ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਵੀ ਬਹੁਤ ਮਾਣ ਅਤੇ ਸੰਤੁਸ਼ਟੀ ਦੀ ਗੱਲ ਹੈ ਕਿ ਘਰੇਲੂ ਖਪਤਕਾਰਾਂ ਦੇ ਨਾਲ-ਨਾਲ ਦੇਸ਼ ਦੇ ਅਨਾਜ ਉਤਪਾਦਕਾਂ ਨੂੰ ਵੀ ਸੂਬੇ ਵਿੱਚ ਮੁਫ਼ਤ ਅਤੇ ਨਿਰਵਿਘਨ ਬਿਜਲੀ ਮਿਲ ਰਹੀ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਮਾਰਚ, 2022 ਵਿੱਚ ਜਦੋਂ ਉਨ੍ਹਾਂ ਨੇ ਅਹੁਦਾ ਸੰਭਾਲਿਆ ਸੀ ਅਤੇ ਕੁਝ ਮਹੀਨਿਆਂ ਬਾਅਦ ਉਨ੍ਹਾਂ ਨੂੰ ਪਛਵਾੜਾ ਕੋਲਾ ਖਾਣ ਤੋਂ ਕੋਲੇ ਦੀ ਸਪਲਾਈ ਮੁੜ ਸ਼ੁਰੂ ਹੋ ਗਈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਗੋਇੰਦਵਾਲ ਪਾਵਰ ਪਲਾਂਟ ਨੂੰ ਨਿੱਜੀ ਕੰਪਨੀ ਜੀ.ਵੀ.ਕੇ. ਪਾਵਰ ਪਾਸੋਂ ਖਰੀਦ ਕੇ ਇਤਿਹਾਸ ਰਚਿਆ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪਹਿਲੀ ਵਾਰ ਇਹ ਉਲਟਾ ਰੁਝਾਨ ਸ਼ੁਰੂ ਹੋਇਆ ਹੈ ਕਿ ਕਿਸੇ ਸਰਕਾਰ ਨੇ ਕੋਈ ਨਿੱਜੀ ਪਾਵਰ ਪਲਾਂਟ ਖਰੀਦਿਆ ਹੈ ਜਦੋਂ ਕਿ ਪਹਿਲਾਂ ਸਰਕਾਰਾਂ ਆਪਣੀਆਂ ਜਾਇਦਾਦਾਂ ਚਹੇਤੇ ਵਿਅਕਤੀਆਂ ਨੂੰ ਕੌਡੀਆਂ ਦੇ ਭਾਅ ਵੇਚ ਦਿੰਦੀਆਂ ਸਨ।

ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਪੰਜਾਬ ਸਰਕਾਰ 118 'ਸਕੂਲ ਆਫ ਐਮੀਨੈਂਸ' ਸਥਾਪਤ ਕੀਤੇ ਜਾ ਰਹੇ ਹਨ ਜੋ ਕਿ ਸਮਾਰਟ ਕਲਾਸਰੂਮ, ਲੈਬ ਅਤੇ ਖੇਡ ਸਹੂਲਤਾਂ ਨਾਲ ਲੈਸ ਹਨ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਦੇ ਯਤਨਾਂ ਸਦਕਾ ਪ੍ਰੀ-ਪ੍ਰਾਇਮਰੀ ਕਲਾਸਾਂ ਵਿੱਚ ਸਰਕਾਰੀ ਸਕੂਲਾਂ ਵਿੱਚ ਦਾਖਲੇ ਵਿੱਚ ਲਗਭਗ 17 ਫੀਸਦੀ ਦਾ ਵਾਧਾ ਹੋਇਆ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਅਧਿਆਪਕਾਂ ਦੀ ਮੁਹਾਰਤ ਨੂੰ ਹੋਰ ਨਿਖਾਰਨ ਲਈ ਵਿਸ਼ੇਸ਼ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਹੈ ਜਿਸ ਤਹਿਤ ਅਧਿਆਪਕਾਂ ਅਤੇ ਪ੍ਰਿੰਸੀਪਲਾਂ ਨੂੰ ਸਿਖਲਾਈ ਲਈ ਵਿਦੇਸ਼ ਭੇਜਿਆ ਜਾ ਰਿਹਾ ਹੈ ਤਾਂ ਜੋ ਉਹ ਆਧੁਨਿਕ ਅਧਿਆਪਨ ਅਭਿਆਸਾਂ ਤੋਂ ਜਾਣੂ ਹੋ ਸਕਣ ਜਿਸ ਨਾਲ ਵਿਦਿਆਰਥੀਆਂ ਨੂੰ ਅੰਤਰਰਾਸ਼ਟਰੀ ਖੇਤਰ ਵਿੱਚ ਭਵਿੱਖ ਦੇ ਮੁਕਾਬਲਿਆਂ ਲਈ ਤਿਆਰ ਕੀਤਾ ਜਾ ਸਕੇਗਾ।

ਮੁੱਖ ਮੰਤਰੀ ਨੇ ਕਿਹਾ ਕਿ ਜਿਸ ਸਮੇਂ ਉਨ੍ਹਾਂ ਨੇ ਅਹੁਦਾ ਸੰਭਾਲਿਆ ਸੀ, ਉਸ ਸਮੇਂ ਸੂਬੇ ਵਿੱਚ ਸਿੰਚਾਈ ਦੇ ਉਦੇਸ਼ਾਂ ਲਈ ਸਿਰਫ਼ 21 ਫੀਸਦੀ ਨਹਿਰੀ ਪਾਣੀ ਦੀ ਵਰਤੋਂ ਕੀਤੀ ਜਾ ਰਹੀ ਸੀ। ਉਨ੍ਹਾਂ ਕਿਹਾ ਕਿ ਇਹ ਬਹੁਤ ਮਾਣ ਵਾਲੀ ਗੱਲ ਹੈ ਕਿ ਅੱਜ 75 ਫੀਸਦੀ ਨਹਿਰੀ ਪਾਣੀ ਸਿੰਚਾਈ ਦੇ ਉਦੇਸ਼ਾਂ ਲਈ ਵਰਤਿਆ ਜਾ ਰਿਹਾ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਇੱਕ ਪਾਸੇ ਕਿਸਾਨਾਂ ਲਈ ਨਹਿਰੀ ਪਾਣੀ ਦੀ ਸਪਲਾਈ ਨੂੰ ਯਕੀਨੀ ਬਣਾਇਆ ਹੈ, ਜੋ ਦਹਾਕਿਆਂ ਤੋਂ ਇਸ ਤੋਂ ਵਾਂਝੇ ਸਨ, ਅਤੇ ਦੂਜੇ ਪਾਸੇ ਧਰਤੀ ਹੇਠਲੇ ਬੇਸ਼ਕੀਮਤੀ ਪਾਣੀ ਦੀ ਬੱਚਤ ਕੀਤੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਨਾਗਰਿਕ ਕੇਂਦਰਿਤ ਪਹਿਲਕਦਮੀ ਵਿੱਚ ਸੂਬਾ ਸਰਕਾਰ ਨੇ ਨਾਗਰਿਕਾਂ ਨੂੰ ਉਨ੍ਹਾਂ ਦੇ ਘਰ-ਘਰ ਜਾ ਕੇ ਸੇਵਾਵਾਂ ਪ੍ਰਦਾਨ ਕਰਨ ਲਈ "ਭਗਵੰਤ ਮਾਨ ਸਰਕਾਰ, ਤੁਹਾਡੇ ਦੁਆਰ" ਨਾਮੀ ਯੋਜਨਾ ਸ਼ੁਰੂ ਕੀਤੀ। ਇਸ ਯੋਜਨਾ ਤਹਿਤ ਉਨ੍ਹਾਂ 43 ਨਾਗਰਿਕ ਸੇਵਾਵਾਂ ਦੀ ਸ਼ਨਾਖਤ ਕੀਤੀ ਗਈ ਹੈ ਜਿਸ ਨਾਲ ਲੋਕਾਂ ਦਾ 99 ਫੀਸਦੀ ਤੋਂ ਵੱਧ ਵਾਹ ਪੈਂਦਾ ਹੈ।

ਭਗਵੰਤ ਸਿੰਘ ਮਾਨ ਨੇ ਕਿਹਾ ਕਿ ਲੋਕਾਂ ਨੂੰ ਉਨ੍ਹਾਂ ਦੇ ਘਰ ਜਾ ਸਕੇ ਸੇਵਾਵਾਂ ਦੇਣ ਨਾਲ ਬਹੁਤ ਲਾਭ ਹੁੰਦਾ ਹੈ। ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਸਰਕਾਰ ਸੂਬੇ ਵਿੱਚ ਨਿਵੇਸ਼ ਅਤੇ ਉਦਯੋਗਿਕ ਬੁਨਿਆਦੀ ਢਾਂਚੇ ਨੂੰ ਹੁਲਾਰਾ ਦੇਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ 85000 ਕਰੋੜ ਰੁਪਏ ਤੋਂ ਵੱਧ ਦਾ ਨਿਵੇਸ਼ ਲਿਆਂਦਾ ਹੈ ਅਤੇ ਟਾਟਾ ਸਟੀਲ, ਸਨਾਤਨ ਟੈਕਸਟਾਈਲ ਵਰਗੀਆਂ ਹੋਰ ਪ੍ਰਮੁੱਖ ਕੰਪਨੀਆਂ ਨਾਲ ਲਗਭਗ ਰੋਜ਼ਗਾਰ ਦੇ 3.50 ਲੱਖ ਮੌਕੇ ਪੈਦਾ ਹੋਣਗੇ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਨੇ ਉਦਯੋਗਿਕ ਪ੍ਰੋਜੈਕਟਾਂ ਨੂੰ ਪ੍ਰਵਾਨਗੀਆਂ ਦੇਣ ਵਿੱਚ ਤੇਜ਼ੀ ਲਿਆਉਣ ਨੂੰ ਯਕੀਨੀ ਬਣਾਉਣ ਲਈ ਵਿਕਰੀ ਡੀਡਾਂ ਦੀ ਰਜਿਸਟ੍ਰੇਸ਼ਨ ਵਿੱਚ ਹਰੇ ਸਟੈਂਪ ਪੇਪਰ ਵੀ ਪੇਸ਼ ਕੀਤੇ ਹਨ।

ਮੁੱਖ ਮੰਤਰੀ ਨੇ ਕਿਹਾ ਕਿ ਯੋਗ ਉਮੀਦਵਾਰਾਂ ਨੂੰ ਮੈਰਿਟ 'ਤੇ ਸਰਕਾਰੀ ਨੌਕਰੀਆਂ ਦੇਣ ਦੇ ਯਤਨਾਂ ਨੂੰ ਜਾਰੀ ਰੱਖਦੇ ਹੋਏ ਹੁਣ ਤੱਕ ਸੂਬੇ ਦੇ ਨੌਜਵਾਨਾਂ ਨੂੰ 50,000 ਤੋਂ ਵੱਧ ਸਰਕਾਰੀ ਨੌਕਰੀਆਂ ਦਿੱਤੀਆਂ ਜਾ ਚੁੱਕੀਆਂ ਹਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਸ ਨਾਲ ਨੌਜਵਾਨਾਂ ਨੂੰ ਸੂਬੇ ਦੀ ਸਮਾਜਿਕ-ਆਰਥਿਕ ਤਰੱਕੀ ਵਿੱਚ ਸਰਗਰਮ ਭਾਈਵਾਲ ਬਣਾਉਣ ਵਿੱਚ ਮਦਦ ਮਿਲੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨੇ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਲਈ ਤੇਜ਼ੀ ਨਾਲ ਮੁਹਿੰਮ ਜਾਰੀ ਰੱਖੀ ਹੋਈ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਭ੍ਰਿਸ਼ਟਾਚਾਰ ਵਿਰੋਧੀ ਹੈਲਪਲਾਈਨ ਨੰਬਰ 9501200200 ਜਾਰੀ ਕੀਤਾ ਹੈ ਜਿਸ 'ਤੇ ਕੋਈ ਵੀ ਵਿਅਕਤੀ ਜੇਕਰ ਉਸ ਤੋਂ ਕੋਈ ਰਿਸ਼ਵਤ ਮੰਗਦਾ ਹੈ ਤਾਂ ਆਪਣੀ ਸ਼ਿਕਾਇਤ ਦਰਜ ਕਰਵਾ ਸਕਦਾ ਹੈ।

ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪਾਰਦਰਸ਼ੀ ਸ਼ਾਸਨ ਨੂੰ ਯਕੀਨੀ ਬਣਾਉਣ ਲਈ, ਸਰਕਾਰ ਨੇ ਭ੍ਰਿਸ਼ਟਾਚਾਰ ਪ੍ਰਤੀ ਕੋਈ ਲਿਹਾਜ਼ ਨਾ ਵਰਤਣ ਦੀ ਨੀਤੀ ਅਪਣਾਈ ਹੋਈ ਹੈ ਅਤੇ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਗਜ਼ਟਿਡ ਅਧਿਕਾਰੀਆਂ, ਗੈਰ-ਗਜ਼ਟਿਡ ਅਧਿਕਾਰੀਆਂ ਅਤੇ ਪ੍ਰਾਈਵੇਟ ਵਿਅਕਤੀਆਂ ਵਿਰੁੱਧ ਕਨੂੰਨੀ ਕਾਰਵਾਈ ਕੀਤੀ ਜਿਨ੍ਹਾਂ ਨੂੰ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਫੜਿਆ ਗਿਆ ਸੀ। ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨੇ ਸੜਕ ਹਾਦਸੇ ਦੇ ਪੀੜਤਾਂ ਦੀ ਜਾਨ ਬਚਾਉਣ ਅਤੇ ਆਮ ਲੋਕਾਂ ਨੂੰ ਹਾਦਸੇ ਦੇ ਪੀੜਤਾਂ ਦੀ ਮਦਦ ਕਰਨ ਲਈ ਬਿਨਾਂ ਕਿਸੇ ਡਰ ਦੇ ਅੱਗੇ ਆਉਣ ਲਈ ਉਤਸ਼ਾਹਿਤ ਕਰਨ ਵਾਸਤੇ 'ਫਰਿਸ਼ਤੇ' ਸਕੀਮ ਨੂੰ ਨੋਟੀਫਾਈ ਕੀਤਾ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਉਨ੍ਹਾਂ ਦੇ ਨੇਕ ਕੰਮ ਦੀ ਹੌਸਲਾ ਅਫਜ਼ਾਈ ਕਰਨ ਲਈ 2000 ਰੁਪਏ ਦਾ ਵਿੱਤੀ ਇਨਾਮ ਦਿੰਦੀ ਹੈ।

ਭਗਵੰਤ ਸਿੰਘ ਮਾਨ ਨੇ ਕਿਹਾ ਕਿ ਵਿੱਤੀ ਇਨਾਮ ਤੋਂ ਇਲਾਵਾ ਅਜਿਹੇ ਵਿਅਕਤੀਆਂ ਨੂੰ ਇਕ ਸਰਟੀਫਿਕੇਟ ਵੀ ਜਾਰੀ ਕੀਤਾ ਜਾਂਦਾ ਹੈ ਅਤੇ ਉਨ੍ਹਾਂ ਨੂੰ ਕਾਨੂੰਨੀ ਪੇਚੀਦਗੀਆਂ ਅਤੇ ਪੁਲਿਸ ਪੁੱਛਗਿੱਛ ਤੋਂ ਛੋਟ ਦਿੱਤੀ ਜਾਂਦੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਪੁਲਿਸ ਵਿਭਾਗ ਦੀ ਕੁਸ਼ਲਤਾ ਹੋਰ ਪ੍ਰਭਾਵੀ ਬਣਾਉਣ ਲਈ ਮਨੁੱਖੀ ਸ਼ਕਤੀ ਵਧਾਉਣ ਵਾਸਤੇ ਸੂਬਾ ਸਰਕਾਰ ਨੇ ਪਹਿਲਾਂ ਹੀ ਪੰਜਾਬ ਪੁਲਿਸ ਵਿੱਚ ਹਰ ਸਾਲ 1800 ਕਾਂਸਟੇਬਲ ਅਤੇ 300 ਸਬ ਇੰਸਪੈਕਟਰ ਭਰਤੀ ਕਰਨ ਦਾ ਫੈਸਲਾ ਕੀਤਾ ਹੈ ਤਾਂ ਜੋ ਪੁਲਿਸ ਮੁਲਾਜ਼ਮਾਂ ਦੀ ਘਾਟ ਨੂੰ ਦੂਰ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਇਨ੍ਹਾਂ 2100 ਅਸਾਮੀਆਂ ਲਈ ਭਰਤੀ ਹੋਣ ਦੀ ਉਮੀਦ ਵਿੱਚ ਹਰ ਸਾਲ ਲਗਭਗ 2.50 ਲੱਖ ਨੌਜਵਾਨ ਸਖ਼ਤ ਮਿਹਨਤ ਕਰਦੇ ਹਨ।

ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਨੇ ਪੰਜਾਬ ਪੁਲਿਸ ਵਿੱਚ 10,000 ਨਵੀਆਂ ਅਸਾਮੀਆਂ ਸਿਰਜਣ ਦਾ ਵੀ ਫੈਸਲਾ ਕੀਤਾ ਹੈ, ਜਿਸ ਲਈ ਨੋਟੀਫਿਕੇਸ਼ਨ ਪਹਿਲਾਂ ਹੀ ਜਾਰੀ ਕੀਤਾ ਜਾ ਚੁੱਕਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਇਹ ਬਹੁਤ ਮਾਣ ਦੀ ਗੱਲ ਹੈ ਕਿ ਸੂਬਾ ਸਰਕਾਰ ਨੇ ਸਾਰੀਆਂ ਕਾਨੂੰਨੀ ਅਤੇ ਪ੍ਰਸ਼ਾਸਕੀ ਅੜਚਨਾਂ ਨੂੰ ਦੂਰ ਕਰਦੇ ਹੋਏ 12710 ਅਧਿਆਪਕਾਂ ਦੀਆਂ ਸੇਵਾਵਾਂ ਨੂੰ ਰੈਗੂਲਰ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸੇਵਾਵਾਂ ਰੈਗੂਲਰ ਕਰਨ ਨਾਲ ਇਨ੍ਹਾਂ ਅਧਿਆਪਕਾਂ ਨੂੰ ਛੁੱਟੀਆਂ ਸਮੇਤ ਹੋਰ ਲਾਭਾਂ ਦੇ ਨਾਲ-ਨਾਲ ਉਨ੍ਹਾਂ ਦੀਆਂ ਤਨਖਾਹਾਂ ਵਿੱਚ 5 ਫੀਸਦੀ ਸਾਲਾਨਾ ਵਾਧਾ ਮਿਲੇਗਾ।

ਮੁੱਖ ਮੰਤਰੀ ਨੇ ਕਿਹਾ ਕਿ ਦੇਸ਼ ਦੀ ਏਕਤਾ ਤੇ ਅਖੰਡਤਾ ਦੀ ਰਾਖੀ ਵਿੱਚ ਹਥਿਆਰਬੰਦ ਸੈਨਾਵਾਂ, ਅਰਧ ਸੈਨਿਕ ਬਲਾਂ, ਪੁਲਿਸ ਜਵਾਨਾਂ ਅਤੇ ਇੱਥੋਂ ਤੱਕ ਕਿ ਅਗਨੀਵੀਰਾਂ ਦੇ ਅਥਾਹ ਯੋਗਦਾਨ ਨੂੰ ਮਾਨਤਾ ਦਿੰਦੇ ਹੋਏ ਸੂਬਾ ਸਰਕਾਰ ਜਵਾਨਾਂ ਦੇ ਡਿਊਟੀ ਦੌਰਾਨ ਸ਼ਹੀਦ ਹੋਣ ਦੀ ਸੂਰਤ ਵਿੱਚ ਪਰਿਵਾਰ ਨੂੰ ਇਕ ਕਰੋੜ ਰੁਪਏ ਦੀ ਵਿੱਤੀ ਇਮਦਾਦ ਦਿੰਦੀ ਹੈ। ਉਨ੍ਹਾਂ ਕਿਹਾ ਕਿ ਇਹ ਵਿੱਤੀ ਸਹਾਇਤਾ ਦੇਸ਼ ਲਈ ਨਾਇਕਾਂ ਵੱਲੋਂ ਕੀਤੀ ਗਈ ਸਰਵਉੱਚ ਕੁਰਬਾਨੀ ਦੇ ਸਤਿਕਾਰ ਵਜੋਂ ਦਿੱਤੀ ਜਾਂਦੀ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਦਾ ਇਹ ਨਿਮਾਣਾ ਜਿਹਾ ਉਪਰਾਲਾ ਦੇਸ਼ ਦੀ ਏਕਤਾ, ਅਖੰਡਤਾ ਅਤੇ ਪ੍ਰਭੂਸੱਤਾ ਨੂੰ ਬਣਾਈ ਰੱਖਣ ਲਈ ਇਸ ਧਰਤੀ ਦੇ ਸਪੂਤ ਦੇ ਯੋਗਦਾਨ ਨੂੰ ਮਾਨਤਾ ਦਿੰਦਾ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਪਿਛਲੇ ਤਿੰਨ ਸਾਲਾਂ ਤੋਂ ਲੋਕਾਂ ਨੇ ਸੂਬਾ ਸਰਕਾਰ ਦੀਆਂ ਲੋਕ-ਪੱਖੀ ਨੀਤੀਆਂ ਵਿੱਚ ਵਿਸ਼ਵਾਸ ਪ੍ਰਗਟ ਕੀਤਾ ਹੈ ਜਿਸ ਕਾਰਨ ਟੈਕਸ ਵਸੂਲੀ ਵਿੱਚ ਬਹੁਤ ਵਾਧਾ ਹੋਇਆ ਹੈ। ਉਨ੍ਹਾਂ ਕਿਹਾ ਕਿ ਹੁਣ ਤੱਕ ਸੂਬੇ ਵਿੱਚ 18 ਟੋਲ ਪਲਾਜ਼ੇ ਬੰਦ ਕੀਤੇ ਜਾ ਚੁੱਕੇ ਹਨ। ਇਨ੍ਹਾਂ ਵਿੱਚੋਂ ਬਹੁਤਿਆਂ ਨੇ ਮਿਆਦ ਵਧਾਉਣ ਦੀ ਮੰਗ ਕੀਤੀ ਸੀ ਪਰ ਉਨ੍ਹਾਂ ਨੂੰ ਵਡੇਰੇ ਜਨਤਕ ਹਿੱਤ ਵਿੱਚ ਸਾਫ ਇਨਕਾਰ ਕਰ ਦਿੱਤਾ ਹੈ।

ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਨ੍ਹਾਂ ਟੋਲ ਪਲਾਜ਼ਿਆਂ ਦੇ ਬੰਦ ਹੋਣ ਨਾਲ ਪੰਜਾਬ ਵਿੱਚ ਆਮ ਆਦਮੀ ਦੀ ਜੇਬ ਵਿੱਚੋਂ ਰੋਜ਼ਾਨਾ 63 ਲੱਖ ਰੁਪਏ ਦੀ ਬੱਚਤ ਹੋ ਰਹੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਦੁਨੀਆ ਭਰ ਵਿੱਚ ਵਸਦੇ ਐਨ.ਆਰ.ਆਈ. ਪੰਜਾਬੀਆਂ ਦੀ ਸਹੂਲਤ ਲਈ ਨਵੀਂ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਟਰਮੀਨਲ 3 'ਤੇ ਅਤਿ-ਆਧੁਨਿਕ ਐਨ.ਆਰ.ਆਈ. ਸੁਵਿਧਾ ਕੇਂਦਰ- "ਪੰਜਾਬ ਸਹਾਇਤਾ ਕੇਂਦਰ" ਖੋਲ੍ਹਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਕੇਂਦਰ 24x7 ਕੰਮ ਕਰਦਾ ਹੈ ਅਤੇ ਟਰਮੀਨਲ 'ਤੇ ਆਉਣ ਵਾਲੇ ਸਾਰੇ ਐਨ.ਆਰ.ਆਈ. ਅਤੇ ਹੋਰ ਯਾਤਰੀਆਂ ਨੂੰ ਸਹਾਇਤਾ ਪ੍ਰਦਾਨ ਕਰਦਾ ਹੈ।

ਭਗਵੰਤ ਸਿੰਘ ਮਾਨ ਨੇ ਕਿਹਾ ਕਿ ਯਾਤਰੀ/ਰਿਸ਼ਤੇਦਾਰ ਹਵਾਈ ਅੱਡੇ 'ਤੇ ਪਹੁੰਚਣ ਵਾਲੀਆਂ ਉਡਾਣਾਂ, ਕਨੈਕਟਿੰਗ ਉਡਾਣਾਂ, ਟੈਕਸੀ ਸੇਵਾਵਾਂ, ਗੁਆਚੇ ਸਮਾਨ ਵਰਗੀਆਂ ਸਹੂਲਤਾਂ ਅਤੇ ਹੋਰ ਲੋੜੀਂਦੀ ਸਹਾਇਤਾ ਹਾਸਲ ਕਰ ਸਕਦੇ ਹਨ। ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਪਰੇਡ ਕਮਾਂਡਰ ਵਨੀਤ ਅਹਲਾਵਤ, ਆਈ.ਪੀ.ਐਸ. ਦੀ ਅਗਵਾਈ ਵਾਲੀ ਪਰੇਡ ਦਾ ਨਿਰੀਖਣ ਕੀਤਾ। ਉਨ੍ਹਾਂ ਨੇ ਪੰਜਾਬ ਪੁਲਿਸ, ਪੰਜਾਬ ਹੋਮ ਗਾਰਡਜ਼, ਆਈ.ਟੀ.ਬੀ.ਪੀ., ਐਨ.ਸੀ.ਸੀ. (ਲੜਕੇ ਤੇ ਲੜਕੀਆਂ) ਰੈੱਡ ਕਰਾਸ ਤੋਂ ਇਲਾਵਾ ਪੰਜਾਬ ਪੁਲਿਸ ਬ੍ਰਾਸ ਬੈਂਡ ਦੀਆਂ ਟੁਕੜੀਆਂ ਦੁਆਰਾ ਕੀਤੇ ਗਏ ਪ੍ਰਭਾਵਸ਼ਾਲੀ ਮਾਰਚ ਪਾਸਟ ਤੋਂ ਸਲਾਮੀ ਵੀ ਲਈ।

ਇਸ ਮੌਕੇ ਵੱਖ-ਵੱਖ ਸਥਾਨਕ ਸਕੂਲਾਂ ਦੇ ਵਿਦਿਆਰਥੀਆਂ ਨੇ ਭੰਗੜਾ, ਗਿੱਧਾ, ਗਰੁੱਪ ਡਾਂਸ, ਪੀ.ਟੀ. ਸ਼ੋਅ ਅਤੇ ਗਰੁੱਪ ਗਾਇਨ ਸਮੇਤ ਦੇਸ਼ ਭਗਤੀ ਦੇ ਜੋਸ਼ ਵਿੱਚ ਰਮਿਆ ਹੋਇਆ ਰੰਗਾ-ਰੰਗ ਪ੍ਰੋਗਰਾਮ ਪੇਸ਼ ਕੀਤਾ। ਮੁੱਖ ਮੰਤਰੀ ਨੇ ਦੇਸ਼ ਦੇ ਆਜ਼ਾਦੀ ਸੰਗਰਾਮ ਵਿੱਚ ਵਡਮੁੱਲਾ ਯੋਗਦਾਨ ਪਾਉਣ ਵਾਲੇ ਆਜ਼ਾਦੀ ਘੁਲਾਟੀਆਂ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਪ੍ਰਤੀ ਸਤਿਕਾਰ ਪ੍ਰਗਟਾਉਂਦਿਆਂ ਉਨ੍ਹਾਂ ਨੂੰ ਸਨਮਾਨਿਤ ਵੀ ਕੀਤਾ। ਉਨ੍ਹਾਂ ਨੇ ਦਿਵਿਆਂਗਾਂ ਨੂੰ ਟ੍ਰਾਈਸਾਈਕਲ ਅਤੇ ਗਰੀਬ ਅਤੇ ਲੋੜਵੰਦ ਔਰਤਾਂ ਨੂੰ ਸਿਲਾਈ ਮਸ਼ੀਨਾਂ ਵੀ ਦਿੱਤੀਆਂ। ਇਸ ਮੌਕੇ ਸੂਬੇ ਦੇ ਸਮੁੱਚੇ ਵਿਕਾਸ ਨੂੰ ਦਰਸਾਉਂਦੀਆਂ ਝਾਕੀਆਂ ਖਾਸ ਕਰਕੇ ਜ਼ਿਲ੍ਹਾ ਪ੍ਰਸ਼ਾਸਨ ਦੀ ਜਨਤਕ ਅਹਿਮਤੀਅਤ ਨੂੰ ਦਰਸਾਉਂਦੀ ਝਾਕੀ ਖਿੱਚ ਦਾ ਕੇਂਦਰ ਰਹੀ।

ਇਸ ਮੌਕੇ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ, ਵਿਧਾਇਕ ਅਜੀਤਪਾਲ ਸਿੰਘ ਕੋਹਲੀ, ਚੇਤਨ ਸਿੰਘ ਜੌੜਾਮਾਜਰਾ, ਹਰਮੀਤ ਸਿੰਘ ਪਠਾਣਮਾਜਰਾ, ਗੁਰਲਾਲ ਘਨੌਰ, ਕੁਲਵੰਤ ਸਿੰਘ ਬਾਜ਼ੀਗਰ ਤੇ ਗੁਰਦੇਵ ਸਿੰਘ ਦੇਵ ਮਾਨ, ਬਲਤੇਜ ਪੰਨੂ, ਨਗਰ ਨਿਗਮ ਦੇ ਮੇਅਰ ਕੁੰਦਨ ਗੋਗੀਆ, ਸੀਨੀਅਰ ਡਿਪਟੀ ਮੇਅਰ ਹਰਿੰਦਰ ਕੋਹਲੀ ਅਤੇ ਡਿਪਟੀ ਮੇਅਰ ਜਗਦੀਪ ਸਿੰਘ ਜੱਗਾ, ਮੇਘ ਚੰਦ ਸ਼ੇਰਮਾਜਰਾ, ਤੇਜਿੰਦਰ ਮਹਿਤਾ, ਜਸਬੀਰ ਸਿੰਘ ਗਾਂਧੀ, ਬਲਵਿੰਦਰ ਸੈਣੀ, ਸੀਐਮ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਕੁਮਾਰ ਅਮਿਤ, ਏਡੀਜੀਪੀ ਐਸਪੀਐਸ ਪਰਮਾਰ, ਡਿਵੀਜ਼ਨਲ ਕਮਿਸ਼ਨਰ ਡੀਐਸ ਮਾਂਗਟ, ਡੀਆਈਜੀ ਮਨਦੀਪ ਸਿੰਘ ਸਿੱਧੂ, ਸੈਸ਼ਨ ਜੱਜ ਰੁਪਿੰਦਰਜੀਤ ਚਾਹਲ, ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ, ਐਸਐਸਪੀ ਡਾ. ਨਾਨਕ ਸਿੰਘ, ਸੀਏ ਪੀਡੀਏ ਮਨੀਸ਼ਾ ਰਾਣਾ, ਕਮਿਸ਼ਨਰ ਨਗਰ ਨਿਗਮ ਡਾ. ਰਜਤ ਉਬਰਾਏ, ਏਡੀਸੀਜ਼ ਈਸ਼ਾ ਸਿੰਗਲ, ਅਨੁਪ੍ਰਿਤਾ ਜੌਹਲ ਅਤੇ ਨਵਰੀਤ ਕੌਰ ਸੇਖੋਂ, ਸੰਯੁਕਤ ਕਮਿਸ਼ਨਰ ਐਮ.ਸੀ ਬਬਨਦੀਪ ਸਿੰਘ ਵਾਲੀਆ, ਦੀਪਜੋਤ ਕੌਰ, ਆਰ.ਟੀ. ਨਮਨ ਮਾਰਕਨ, ਐਸ.ਡੀ.ਐਮ ਗੁਰਦੇਵ ਸਿੰਘ ਧਮ, ਸਹਾਇਕ ਕਮਿਸ਼ਨਰ ਰਿਚਾ ਗੋਇਲ, ਸੀ.ਐਮ.ਐਫ. ਡਾ.ਨਵਜੋਤ ਸ਼ਰਮਾ ਸਮੇਤ ਹੋਰ ਉੱਚ ਅਧਿਕਾਰੀ ਅਤੇ ਸ਼ਖਸੀਅਤਾਂ ਹਾਜ਼ਰ ਸਨ।