from Harpreet Singh ਪਿੰਡ ਪਠਲਾਵਾ ਵਾਸੀਆਂ ਵੱਲੋਂ ਕਰੋਨਾ ਮੁਕਤ ਹੋਣ ਤੇ ਸ਼ੁਕਰਾਨਾ ਕਰਦੇ ਹੋਏ ਸੱਚਖੰਡ ਸ੍ਰੀ ਦਰਬਾਰ ਸਾਹਿਬ, ਸ੍ਰੀ ਅੰਮਿ੍ਰਤਸਰ ਸਾਹਿਬ ਵਿਖੇ ਗੁਰੂ ਕੇ ਲੰਗਰਾਂ ਲਈ 15 ਲੱਖ ਰੁਪਏ ਦੀਆਂ 315 ਕੁੁੁਵਿੰਟਲ ਰਸਦਾਂ ਭੇਟ

ਪਿੰਡ ਪਠਲਾਵਾ ਵਾਸੀਆਂ ਵੱਲੋਂ ਕਰੋਨਾ ਮੁਕਤ ਹੋਣ ਤੇ ਸ਼ੁਕਰਾਨਾ ਕਰਦੇ ਹੋਏ ਸੱਚਖੰਡ ਸ੍ਰੀ ਦਰਬਾਰ ਸਾਹਿਬ,
ਸ੍ਰੀ ਅੰਮਿ੍ਰਤਸਰ ਸਾਹਿਬ ਵਿਖੇ ਗੁਰੂ ਕੇ ਲੰਗਰਾਂ ਲਈ 15 ਲੱਖ ਰੁਪਏ ਦੀਆਂ 315 ਕੁੁੁਵਿੰਟਲ ਰਸਦਾਂ ਭੇਟ
ਬੰਗਾ : 20 ਮਈ
ਪਿੰਡ ਪਠਲਾਵਾ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਪੰਜਾਬ ਦਾ ਪਹਿਲਾ ਪਿੰਡ ਸੀ ਜਿੱਥੇ ਦੋ ਮਹੀਨੇ ਪਹਿਲਾਂ ਕੋਰੋਨਾ ਵਾਇਰਸ ਕੋਵਿਡ¸19 ਦੀ ਮਹਾਂਮਾਰੀ ਦੇ ਦਸਤਕ ਦਿੱਤੀ। ਗਿਆਨੀ ਬਲਦੇਵ ਸਿੰਘ ਦੀ ਮੌਤ ਉਪਰੰਤ ਹੋਏ ਟੈਸਟ ਵਿਚ ਕੋਰੋਨਾ ਪਾਜ਼ੇਟਿਵ ਆਉਣ ਅਤੇ 18 ਨਜ਼ਦੀਕੀ ਵਿਅਕਤੀਆਂ ਦੇ ਟੈਸਟ ਵੀ ਪਾਜ਼ੇਤਿਵ ਆਉਣ ਵਾਲ ਪੂਰੇ ਇਲਾਕੇ ਵਿਚ ਸਹਿਮ ਦਾ ਮਾਹੌਲ ਬਣ ਗਿਆ ਸੀ। ਗਿਆਨ ਤੋਂ ਸੱਖਣੇ ਲੋਕਾਂ ਨੇ ਬਾਬਾ ਬਲਦੇਵ ਸਿੰਘ ਦਾ ਨਾਮ ਲੈ ਕੇ ਪਿੰਡ ਨੂੰ ਨਿੰਦਣਾ ਸ਼ੁਰੂ ਕਰ ਦਿੱਤਾ।  ਪ੍ਰਸ਼ਾਸ਼ਨ ਵੱਲੋਂ  ਪੂਰੇ ਪਿੰਡ ਦੀ ਨਾਕਾਬੰਦੀ ਕਰ ਦਿੱਤੀ ਗਈ। ਪੰਜਾਬ ਦੇ ਕੁਝ ਅਖੌਤੀ ਕਲਾਕਾਰਾਂ ਵੱਲੋਂ ਪਿੰਡ ਨੂੰ ਨਿੰਦਣਾ ਸ਼ੁਰੂ ਕਰ ਦਿੱਤਾ। ਹਲਾਤ ਇਹੋ ਜਿਹੇ ਬਣੇ ਕਿ ਜਿਵੇਂ ਪਿੰਡ ਪਠਲਾਵਾ ਕਿਸੇ ਫਿਲਮ ਦਾ ਖਲਨਾਇਕ ਹੁੰਦਾ ਹੈ। ਕੁਦਰਤ ਦੀ ਕਰੋਪੀ ਦੇ ਨਾਲ ਨਾਲ ਕਈ ਹਸਪਤਾਲਾਂ ਵੱਲੋਂ ਪਿੰਡ ਪਠਲਾਵਾ ਦੇ ਮਰੀਜ਼ਾਂ ਲਈ ਦਰਵਾਜ਼ੇ ਬੰਦ ਕਰ ਦਿੱਤੇ ਗਏ। ਇਹਨਾਂ  ਹਲਾਤਾਂ ਵਿਚੋਂ ਗੁਜ਼ਰਦਿਆਂ ਪਿੰਡ ਪਠਲਾਵਾ ਦੇ ਸੂਝਵਾਨ ਅੱਗੇ ਆਏ ਅਤੇ ਇਸ ਬਿਮਾਰੀ ਦਾ ਡੱਟ ਕੇ ਟਾਕਰਾ ਕਰਨ ਲਈ ਅਕਾਲ ਪੁਰਖ ਦੇ ਚਰਨਾਂ ਵਿਚ ਅਰਦਾਸਾਂ ਕੀਤੀਆਂ ਗਈਆਂ। ਗੁਰੂ ਸਾਹਿਬਾਨ ਦੀ ਕਿਰਪਾ ਸਦਕਾ 18 ਦੇ 18 ਮਰੀਜ਼ ਦੇ ਤੰਦਰੁਸਤ ਹੋ ਕੇ ਘਰ ਪਰਤੇ । ਅਕਾਲ ਪੁਰਖ ਸੱਚੇ ਪਾਤਸ਼ਾਹ ਦਾ ਸ਼ੁਕਰਾਨਾ ਕਰਨ ਲਈ ਸੱਚਖੰਡ ਸ੍ਰੀ ਦਰਬਾਰ ਸਾਹਿਬ, ਸ੍ਰੀ ਅੰਮਿ੍ਰਤਸਰ ਸਾਹਿਬ ਵਿਖੇ ਧੰਨ ਧੰਨ ਸ੍ਰੀ ਗੁਰੂ ਰਾਮ ਦਾਸ ਜੀ ਦੇ ਲੰਗਰਾਂ ਲਈ ਸੁੱਕੀਆਂ ਰਸਦਾਂ ਭੇਜਣ ਦਾ ਪ੍ਰੋਗਰਾਮ ਉਲੀਕਿਆ ਗਿਆ। ਜਿਸ ਲਈ ਇਲਾਕੇ ਦੀ ਸਿਰਮੌਰ ਸਮਾਜ ਸੇਵੀ ਏਕ ਨੂਰ ਸਵੈ ਸੇਵੀ ਸੰਸਥਾ ਪਿੰਡ ਪਠਲਾਵਾ, ਪਿੰਡ ਦੀ ਪੰਚਾਇਤ, ਗੁਰਦੁਆਰਾ ਪੰਜਾ ਸਾਹਿਬ ਅਤੇ ਸਮੂਹ ਨਗਰ ਨਿਵਾਸੀਆਂ ਦੇ ਉੱਦਮਾਂ ਨਾਲ 15 ਲੱਖ ਰੁਪਏ ਦੀ ਰਾਸ਼ੀ ਨਾਲ 315 ਕੁਵਿੰਟਲ ਰਸਦ ਤਿੰਨ ਟਰੱਕਾਂ ਵਿਚ ਭੇਜਣ ਲਈ ਸੰਤ ਬਾਬਾ ਗੁਰਬਚਨ ਸਿੰਘ ਮੁੱਖ ਸੇਵਾਦਾਰ ਨਿਰਮਲ ਬੁੰਗਾ ਬਾਬਾ ਘਨੱਈਆ ਸਿੰਘ ਜੀ ਪਠਲਾਵਾ ਵੱਲੋਂ ਅਰਦਾਸ ਕਰਨ ਉਪਰੰਤ ਸੱਚਖੰਡ ਸ੍ਰੀ ਦਰਬਾਰ ਸਾਹਿਬ ਲਈ ਜੈਕਾਰਿਆਂ ਦੀ ਗੂੰਜ ਵਿਚ ਰਵਾਨਾ ਹੋਈਆਂ। ਇਸ ਮੌਕੇ ਵਿਸ਼ੇਸ਼ ਤੌਰ ਤੇ ਪੁੱਜੇ ਪਿੰਡ ਪਠਲਾਵਾ ਵਿਖੇ ਪੁੱਜੇ ਵਿਨੈ ਬਲਬਾਨੀ ਡਿਪਟੀ ਕਮਿਸ਼ਨਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ, ਸਤਵੀਰ ਸਿੰਘ ਪੱਲੀ ਝਿੱਕੀ ਚੇਅਰਮੈਨ ਜ਼ਿਲਾ ਯੋਜਨਾ ਕਮੇਟੀ, ਗੌਤਮ ਜੈਨ, ਐਸ.ਡੀ.ਐਮ. ਬੰਗਾ ਨੇ ਗੁਰੂ ਸਾਹਿਬਾਨ ਦਾ ਸ਼ੁਕਰਾਨਾ ਕਰਨ ਲਈ ਗੁਰੂ ਕੇ ਲੰਗਰਾਂ ਲਈ ਰਸਦਾਂ ਭੇਜਣ ਦੇ ਕਾਰਜ ਦੀ ਪ੍ਰਸੰਸਾ ਕੀਤੀ। ਉਹਨਾਂ ਨੇ ਪਿੰਡ ਵਾਸੀਆਂ ਅਤੇ ਏਕ ਨੂਰ ਸਵੈ ਸੇਵੀ ਸੰਸਥਾ  ਦਾ ਪਿੰਡ ਪਠਲਾਵਾ ਨੂੰ ਕਰੋਨਾ ਮੁਕਤ ਕਰਨ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਨੂੰ ਵਧੀਆ ਸਹਿਯੋਗ ਦੇਣ ਲਈ ਵੀ ਹਾਰਦਿਕ ਧੰਨਵਾਦ ਕੀਤਾ । ਇਸ ਮੌਕੇ ਇੰਦਰਜੀਤ ਸਿੰਘ ਵਾਰੀਆ ਚੇਅਰਮੈਨ ਏਕ ਨੂਰ ਸਵੈ ਸੇਵੀ ਸੰਸਥਾ, ਸਰਪੰਚ ਹਰਪਾਲ ਸਿੰਘ, ਉਪ ਚੇਅਰਮੈਨ ਤਰਲੋਚਨ ਸਿੰਘ ਵਾਰੀਆ, ਸਰਪ੍ਰਸਤ ਬਲਵੰਤ ਸਿੰਘ, ਜਥੇਦਾਰ ਸਵਰਨਜੀਤ ਸਿੰਘ ਮੁੱਖੀ ਤਰਨਾ ਦਲ, ਕੁਲਦੀਪ ਸਿੰਘ ਪੀਜ਼ਾ ਹਾਟ, ਅਮਰਪ੍ਰੀਤ ਸਿੰਘ ਲਾਲੀ, ਜਸਵੀਰ ਸਿੰਘ ਚੱਕ ਯੂ.ਏ.ਈ, ਬਲਬੀਰ ਸਿੰਘ ਪ੍ਰਧਾਨ, ਮਾਸਟਰ ਤਰਸੇਮ ਸਿੰਘ ਪਠਲਾਵਾ, ਮਾਸਟਰ ਤਰਲੋਚਨ ਸਿੰਘ, ਹਰਪ੍ਰੀਤ ਸਿੰਘ ਖਾਲਸਾ, ਸਾਬਕਾ ਸਰਪੰਚ ਤਰਸੇਮ ਸਿੰਘ, ਸਾਬਕਾ ਸਰਪੰਚ ਜਗਤ ਸਿੰਘ, ਪੰਚ ਜਸਵਿੰਦਰ ਸਿੰਘ, ਪੰਚ ਦਿਲਾਵਰ ਸਿੰਘ, ਜਸਪਾਲ ਸਿੰਘ ਵਾਰੀਆ, ਕੁਲਵਿੰਦਰ ਲਾਲੀ, ਪੰਚ ਸਰਬਜੀਤ ਸਿੰਘ, ਬਲਵੀਰ ਸਿੰਘ ਯੂ.ਕੇ., ਮਾਸਟਰ ਰੇਸ਼ਮ ਸ਼ੀਮਾਰ, ਬਲਵਿੰਦਰ ਸਿੰਘ ਬਿੱਟੂ, ਮਾਸਟਰ ਬਲਵਿੰਦਰ ਸਿੰਘ ਅਤੇ ਹੋਰ ਪਿੰਡ ਵਾਸੀ ਹਾਜ਼ਰ ਸਨ।
ਫ਼ੋਟੋ ਕੈਪਸ਼ਨ : ਪਿੰਡ ਪਠਲਾਵਾ ਤੋਂ ਗੁਰੂ ਕੇ ਲੰਗਰਾਂ ਲਈ 315 ਕੁੁੁਵਿੰਟਲ ਰਸਦਾਂ ਭੇਟ ਕਰਨ ਲਈ ਸੰਗਤਾਂ ਰਵਾਨਾ ਮੌਕੇ
 

ਲਾਕਡਾਊਨ ਵਿਚ ਵੀ 24 ਘੰਟੇ ਮੈਡੀਕਲ ਸਹੂਲਤਾਂ ਪ੍ਰਦਾਨ ਕਰ ਰਿਹਾ ਹੈ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ

ਲਾਕਡਾਊਨ ਵਿਚ ਵੀ 24 ਘੰਟੇ ਮੈਡੀਕਲ ਸਹੂਲਤਾਂ ਪ੍ਰਦਾਨ ਕਰ ਰਿਹਾ ਹੈ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ
ਕੋਵਿਡ -19 ਆਈਸੋਲੇਸ਼ਨ ਵਾਰਡ, ਹਸਪਤਾਲ ਤੋਂ ਵੱਖਰਾ ਵਿੰਗ ਹੈ : ਕਾਹਮਾ
ਬੰਗਾ : 15 ਮਈ :-
 21ਵੀਂ ਸਦੀ ਦੀ ਸਭ ਤੋਂ ਵੱਡੀ ਮਹਾਂਮਾਰੀ ਕੋਰੋਨਾ ਵਾਇਰਸ ਕੋਵਿਡ-19 ਨਾਲ ਜਿੱਥੇ ਪੂਰੀ ਦੁਨੀਆਂ ਵਿਚ ਤਾਲਾਬੰਦੀ ਹੋਈ ਪਈ ਹੈ ਅਤੇ ਡਰ ਦਾ ਮਾਹੌਲ ਬਣਿਆ ਹੋਇਆ ਹੈ । ਉੱਥੇ ਬਾਨੀ ਪ੍ਰਧਾਨ ਬਾਬਾ ਬੁੱਧ ਸਿੰਘ ਢਾਹਾਂ ਜੀ ਦੇ ਉੱਦਮਾਂ ਅਤੇ ਦੇਸ-ਵਿਦੇਸ਼ ਦੇ ਦਾਨੀ ਸੱਜਣਾਂ ਵੱਲੋਂ ਦਿੱਤੇ ਸਹਿਯੋਗ ਨਾਲ ਸਥਾਪਿਤ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਨੇ ਕੋਰੋਨਾ ਵਾਇਰਸ ਦੀ ਭਿਆਨਕ ਮਹਾਂਮਾਰੀ ਮੌਕੇ, ਇਸ ਸੰਕਟ ਦੀ ਘੜੀ ਵਿਚ ਆਪਣੀਆਂ ਸਾਰੀਆਂ ਮੈਡੀਕਲ ਸੇਵਾਵਾਂ ਨੂੰ 24 ਘੰਟੇ ਚੱਲਦਾ ਰੱਖ ਕੇ ਨਵਾਂ ਇਤਿਹਾਸ ਸਿਰਜਿਆ ਹੈ। ਇਹ ਜਾਣਕਾਰੀ ਹਸਪਤਾਲ ਪ੍ਰਬੰਧਕ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਪ੍ਰਧਾਨ ਹਰਦੇਵ ਸਿੰਘ ਕਾਹਮਾ ਅਤੇ ਜਨਰਲ ਸਕੱਤਰ ਕੁਲਵਿੰਦਰ ਸਿੰਘ ਢਾਹਾਂ ਨੇ ਮੀਡੀਆ ਨੂੰ ਪ੍ਰਦਾਨ ਕੀਤੀ । ਉਹਨਾਂ ਦੱਸਿਆ  ਗੁਰੂ ਨਾਨਕ ਦੇਵ ਜੀ ਦੇ ਦਰਸਾਏ ਲੋਕ ਸੇਵਾ ਵਾਲੇ ਮਾਰਗ 'ਤੇ ਚੱਲਦੇ ਹੋਏ ਕੋਰਨਾ ਮਰੀਜ਼ਾਂ ਲਈ ਸਿਹਤ ਵਿਭਾਗ ਦੇ ਸਹਿਯੋਗ ਨਾਲ ਵੱਖਰਾ ਕੋਵਿਡ-19 ਆਈਸੋਲੇਸ਼ਨ ਵਾਰਡ ਬਣਾਇਆ ਗਿਆ ਹੈ। ਪਰ ਹਸਪਤਾਲ ਦੇ ਮਰੀਜ਼ਾਂ ਦੀ ਸੁਰੱਖਿਆ ਨੂੰ ਮੁੱਖ ਰੱਖਦੇ ਹੋਏ ਕੋਵਿਡ-19 ਆਈਸੋਲੇਸ਼ਨ ਵਾਰਡ ਵਿਚ ਮਰੀਜ਼ਾਂ ਦੇ ਆਣ-ਜਾਣ ਦਾ ਰਸਤਾ ਵੀ ਹਸਪਤਾਲ ਤੋਂ ਬਾਹਰ ਰੱਖਿਆ ਗਿਆ ਹੈ ਅਤੇ ਇਹਨਾਂ ਕੋਵਿਡ ਮਰੀਜ਼ਾਂ ਦੇ ਵਿਸ਼ੇਸ਼ ਖਾਣੇ ਦਾ ਵੀ ਵੱਖਰਾ ਪ੍ਰਬੰਧ ਕੀਤਾ ਗਿਆ। ਕੋਵਿਡ-19 ਆਈਸੋਲੇਸ਼ਨ ਵਾਰਡ ਦੇ ਮਰੀਜ਼ਾਂ ਦਾ ਇਲਾਜ ਵੀ ਸਿਹਤ ਵਿਭਾਗ ਵੱਲੋਂ ਵੱਲੋਂ ਭੇਜਿਆ ਗਿਆ ਸਟਾਫ਼ ਕਰ ਰਿਹਾ ਹੈ । ਹਸਪਤਾਲ ਪ੍ਰਬੰਧਕਾਂ ਨੇ ਦੱਸਿਆ ਕਿ ਜਿੱਥੇ ਲਾਕਡਾਊਨ ਵਿਚ ਪ੍ਰਾਈਵੇਟ ਹਸਪਤਾਲ ਬੰਦ ਹੋ ਗਏ ਸਨ ਉੱਥੇ ਇਸ ਸੰਕਟ ਦੀ ਘੜੀ ਵਿਚ ਢਾਹਾਂ ਕਲੇਰਾਂ ਹਸਪਤਾਲ ਲੋਕਾਂ ਦੀ ਸੇਵਾ ਵਿਚ 24 ਘੰਟੇ ਕਾਰਜਸ਼ੀਲ ਰਿਹਾ ਹੈ। ਉਹਨਾਂ ਜਾਣਕਾਰੀ ਦਿੱਤੀ ਕਿ ਮਈ ਮਹੀਨੇ ਦੇ ਪਹਿਲੇ 14 ਦਿਨਾਂ ਵਿਚ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਮਾਹਿਰ ਡਾਕਟਰ ਸਾਹਿਬਾਨ ਡਾ.ਜਸਦੀਪ ਸਿੰਘ ਸੈਣੀ ਨਿਊਰੋ ਸਰਜਨ, ਡਾ.ਮੁਕਲ ਬੇਦੀ ਮੈਡੀਕਲ ਸ਼ਪੈਸ਼ਲਿਸਟ, ਡਾ.ਰਵਿੰਦਰ ਖਜ਼ੂਰੀਆ ਆਰਥੋਪੈਡਿਕ ਸਰਜਨ, ਡਾ. ਪੀ.ਪੀ. ਸਿੰਘ ਜਨਰਲ ਸਰਜਨ, ਡਾ. ਅਮਿਤ ਸ਼ਰਮਾ ਆਈ ਸਰਜਨ, ਡਾ. ਚਾਂਦਨੀ ਬੱਗਾ ਗਾਇਨੀ ਸ਼ਪੈਸ਼ਲਿਸਟ, ਡਾ. ਦੀਪਕ ਦੁੱਗਲ ਐਨੇਥੀਸੀਆ ਸ਼ਪੈਸ਼ਲਿਸਟ, ਡਾ. ਮਹਿਕ ਅਰੋੜਾ ਈ.ਐਨ.ਟੀ. ਸਰਜਨ, ਡਾ. ਹਰਜੋਤਵੀਰ ਸਿੰਘ ਰੰਧਾਵਾ ਡੈਂਟਲ ਸਰਜਨ, ਡਾ. ਰਾਹੁਲ  ਗੋਇਲ ਪੈਥੋਲਜਿਸਟ, ਡਾ. ਮਨਦੀਪ ਕੌਰ ਫ਼ਿਜ਼ੀਓਥੈਰਾਪਿਸਟ ਅਤੇ ਸਮੂਹ ਆਰ.ਐਮ.ਉਜ਼ ਨੇ ਵੱਖ-ਵੱਖ ਵਿਭਾਗਾਂ ਦੇ ਕਰਮਚਾਰੀਆਂ ਦੇ ਸਹਿਯੋਗ ਨਾਲ 1150 ਤੋਂ ਵੱਧ ਮਰੀਜ਼ਾਂ ਦੀ ਜਾਂਚ, 35 ਵੱਡੇ ਅਪਰੇਸ਼ਨ ਕਰਕੇ, 336 ਲੈਬ ਟੈਸਟ, 150 ਐਕਸ-ਰੇ, 60 ਸੀ.ਟੀ. ਸਕੈਨ, 65 ਡਾਇਲਸਿਸ, 80 ਈ.ਸੀ. ਜੀ. ਅਤੇ ਹਸਪਤਾਲ ਵਿੱਚ ਇਲਾਜ ਲਈ ਦਾਖਲ ਕੀਤੇ ਗੰਭੀਰ 87 ਮਰੀਜ਼ਾਂ ਨੂੰ ਤੰਦਰੁਸਤ ਕਰਕੇ ਇਸ ਸੰਕਟ ਦੀ ਘੜੀ ਆਪਣੀ ਡਿਊਟੀ ਵਧੀਆ ਢੰਗ ਨਾਲ ਨਿਭਾਈ ਹੈ। ਉਹਨਾਂ ਦੱਸਿਆ ਕਿ ਗੁਰੂ ਸਾਹਿਬਾਨ ਦੇ ਅਸ਼ੀਰਵਾਦ ਸਦਕਾ ਸਮੂਹ ਹਸਪਤਾਲ 24 ਘੰਟੇ ਲੋੜਵੰਦ ਮਰੀਜ਼ਾਂ ਦੀ ਸੇਵਾ ਲਈ ਤਿਆਰ ਬਰ ਤਿਆਰ ਰਹਿੰਦਾ ਹੈ। ਢਾਹਾਂ ਕਲੇਰਾਂ ਹਸਪਤਾਲ ਵਿਚ ਦਾਖਲ ਮਰੀਜ਼ ਅਤੇ ਉਸਦੇ ਸਹਾਇਕ ਨੂੰ ਤਿੰਨੇ ਵੇਲੇ ਸਾਫ਼ ਸੁਥਰਾ ਤੇ ਪੋਸ਼ਟਿਕ ਭੋਜਨ ਪ੍ਰਦਾਨ ਕੀਤਾ ਜਾਂਦਾ ਹੈ। ਉਹਨਾਂ ਦੱਸਿਆ ਕਿ ਇਲਾਜ ਲਈ ਹਸਪਤਾਲ ਆਉਣ ਵਾਲੇ ਮਰੀਜ਼ਾਂ ਲਈ ਸਿਹਤ ਵਿਭਾਗ ਅਤੇ ਸਰਕਾਰ ਵੱਲੋਂ ਜਾਰੀ ਕੋਰੋਨਾ ਵਾਇਰਸ ਕੋਵਿਡ-19 ਤੋਂ ਬਚਾਅ ਦੇ ਨਿਯਮਾਂ ਅਨੁਸਾਰ ਜਿਵੇਂ ਸਮਾਜਿਕ ਦੂਰੀ ਬਣਾ ਕੇ ਰੱਖਣਾ, ਮਾਸਕ ਪਹਿਨਣਾ, ਥੋੜ੍ਹੇ ਥੋੜ੍ਹੇ ਸਮੇਂ ਬਾਅਦ ਆਪਣੇ ਹੱਥਾਂ ਨੂੰ ਧੋਣਾ ਅਤੇ ਆਪਣਾ ਆਸ-ਪਾਸ ਅਤੇ ਆਲੇ-ਦੁਆਲੇ ਵਿਚ ਸਾਫ਼ ਸਫਾਈ ਦਾ ਪੂਰਾ ਧਿਆਨ ਰੱਖਣ ਰੱਖਿਆ ਜਾਂਦਾਂ ਹੈ। ਇਸ ਮੌਕੇ ਇਸ ਮੌਕੇ ਮਲਕੀਅਤ ਸਿੰਘ ਬਾਹੜੋਵਾਲ ਸੀਨੀਅਰ ਮੀਤ ਪ੍ਰਧਾਨ, ਅਮਰਜੀਤ ਸਿੰਘ ਕਲੇਰਾਂ ਚੇਅਰਮੈਨ ਫਾਈਨਾਂਸ, ਜਗਜੀਤ ਸਿੰਘ ਸੋਢੀ ਮੈਂਬਰ ਅਤੇ ਡਾ ਮਨੂ ਭਾਰਗਵ ਮੈਡੀਕਲ ਸੁਪਰਡੈਂਟ ਵੀ ਹਾਜ਼ਰ ਸਨ।

ਫੋਟੋ : ਲਾਕਡਾਊਨ ਵਿਚ ਵੀ 24 ਘੰਟੇ ਮੈਡੀਕਲ ਸਹੂਲਤਾਂ ਦੇਣ ਵਾਲੇ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਪ੍ਰਬੰਧਕ ਹਰਦੇਵ ਸਿੰਘ ਕਾਹਮਾ ਪ੍ਰਧਾਨ ਅਤੇ ਕੁਲਵਿੰਦਰ ਸਿੰਘ ਢਾਹਾਂ ਸਕੱਤਰ ਜਾਣਕਾਰੀ ਦਿੰਦੇ ਹੋਏ